ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ
ਥਾਣਾ ਕੱਚਾ ਪੱਕਾ ਅਧੀਨ ਪੈਂਦੇ ਪਿੰਡ ਮੱਖੀ ਕਲਾਂ ਵਿਖੇ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਇਕੱਤਰ ਹੋਈ ਜਾਣਕਾਰੀ ਅਨੁਸਾਰ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਜ਼ਖਮੀ ਕਰਨ ਮਗਰੋਂ ਕਮਰੇ ‘ਚ ਬੰਦ ਕਰਕੇ ਫਰਾਰ ਹੋ ਗਈ, ਜਿਸ ਤੋਂ ਬਾਅਦ ਪੁਲਸ ਨੂੰ 4 ਦਿਨ ਬਾਅਦ ਜ਼ਖ਼ਮੀ ਵਿਅਕਤੀ ਲਾਸ਼ ਮਿਲੀ ਸੀ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਕੱਤਰਾਂ ਨੇ ਥਾਣੇ ‘ਚ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸਦੇ ਭਰਾ ਹਰਪਾਲ ਸਿੰਘ ਦੀ ਪਤਨੀ ਰਾਜਬੀਰ ਕੌਰ ਵਾਸੀ ਮੱਖੀ ਕਲਾਂ ਦੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮੁਖਤਾਰ ਸਿੰਘ ਵਾਸੀ ਮੱਖੀ ਕਲਾਂ ਨਾਲ ਨਾਜਾਇਜ਼ ਸੰੰਬੰਧ ਹਨ। ਸ਼ਿਕਾਇਤ ‘ਚ ਗੁਰਲਾਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਉਸਦੇ ਭਰਾ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਆਪਣੀ ਪਤਨੀ ਰਾਜਬੀਰ ਕੌਰ ਨਾਲ ਰਿਸ਼ਤਾ ਨਾ ਤੋੜਿਆ ਤਾਂ ਉਸਦਾ ਬੁਰਾ ਹਸ਼ਰ ਹੋਵੇਗਾ। ਗੁਰਲਾਲ ਸਿੰਘ ਅਨੁਸਾਰ ਉਸਦਾ ਭਰਾ ਹਰਪਾਲ ਸਿੰਘ ਮਿਤੀ 27 ਮਈ 2022 ਨੂੰ ਜਦੋਂ ਜੋਗਿੰਦਰ ਕੌਰ ਪਤਨੀ ਮੁਖਤਾਰ ਸਿੰਘ ਵਾਸੀ ਮੱਖੀ ਕਲਾਂ ਦੇ ਘਰ ‘ਚ ਮੌਜੂਦ ਸੀ ਤਾਂ ਉੱਥੇ ਰਣਜੀਤ ਸਿੰਘ ਰਾਣਾ ਅਤੇ ਰਾਜਬੀਰ ਕੌਰ ਵੀ ਆ ਗਏ। ਉੱਥੇ ਰਣਜੀਤ ਸਿੰਘ ਅਤੇ ਰਾਜਬੀਰ ਕੌਰ ਵੱਲੋਂ ਉਸਦੇ ਭਰਾ ਹਰਪਾਲ ਸਿੰਘ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਸੱਟ ਮਾਰੀ ਗਈ, ਜਿਸ ਨਾਲ ਹਰਪਾਲ ਸਿੰਘ ਲਹੂ-ਲੁਹਾਣ ਹੋ ਕੇ ਕਮਰੇ ‘ਚ ਡਿੱਗ ਪਿਆ। ਉਸ ਤੋਂ ਬਾਅਦ ਰਣਜੀਤ ਸਿੰਘ ਉਰਫ਼ ਰਾਣਾ ਅਤੇ ਰਾਜਬੀਰ ਕੌਰ ਜ਼ਮੀਨ ‘ਤੇ ਡਿੱਗੇ ਹਰਪਾਲ ਸਿੰਘ ਨੂੰ ਜ਼ਖ਼ਮੀ ਹਾਲਤ ‘ਚ ਕਮਰੇ ਨੂੰ ਬਾਹਰੋਂ ਤਾਲ੍ਹਾ ਲਗਾ ਕੇ ਆਪ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਵੱਲੋਂ ਮਿਤੀ 31 ਮਈ ਨੂੰ ਉਕਤ ਕਮਰੇ ਵਿਚੋਂ ਹਰਪਾਲ ਸਿੰਘ ਦੀ ਲਾਸ਼ ਬਰਾਮਦ ਕੀਤੀ ਗਈ। ਗੁਰਲਾਲ ਸਿੰਘ ਅਨੁਸਾਰ ਹਰਪਾਲ ਸਿੰਘ ਦਾ ਕਤਲ ਰਣਜੀਤ ਸਿੰਘ ਰਾਣਾ ਅਤੇ ਰਾਜਬੀਰ ਕੌਰ ਵੱਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਥਾਣਾ ਕੱਚਾ ਪੱਕਾ ਦੇ ਇੰਚਾਰਜ ਸਬ ਇੰਸ. ਮੁਖਿੰਦਰ ਸਿੰਘ ਵੱਲੋਂ ਰਣਜੀਤ ਸਿੰਘ ਰਾਣਾ ਅਤੇ ਰਾਜਬੀਰ ਕੌਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।