ਨਨਕਾਣਾ ਸਾਹਿਬ ਕੋਰੀਡਰ ਦੀ ਮੰਗ ਰਾਜਸਭਾ ਵਿੱਚ ਕਰਕੇ ਰਾਘਵ ਚੱਢਾ ਨੇ ਸਿੱਖ ਹਿੱਤਾਂ ਦੀ ਤਰਜ਼ਮਾਨੀ ਕੀਤੀ
ਅੰਮ੍ਰਿਤਸਰ:- 9 ਅਗਸਤ ) ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਦੀ ਦਿਸ਼ਾ ਵਿੱਚ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਵਿਸ਼ੇਸ਼ ਕੋਰੀਡੋਰ ਬਣਾਉਣ ਦੀ ਮੰਗ ਭਾਰਤ ਸਰਕਾਰ ਅੱਗੇ ਰੱਖੀ ਹੈ। ਜਿਸ ਦੀ ਡੱਟਵੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਇਹ ਮੁੱਦਾ ਪੰਜਾਬੀਆਂ (ਸਿੱਖਾਂ) ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦੀ ਧਰਤੀ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਪਵਿੱਤਰ ਹੈ। ਉਨ੍ਹਾਂ ਕਿਹਾ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਦੇਸ਼ ਹੀ ਨਹੀਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸਗੋਂ ਸਾਡਾ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪੰਜਾਬ ਪਾਕਿਸਤਾਨ ਵਿੱਚ ਰਿਹਾ ਅਤੇ ਦੂਜਾ ਭਾਰਤ ਵਿੱਚ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦੇ ਵਿਛੜਣ ਦੇ ਨਾਲ ਨਾਲ ਇਸ ਵੰਡ ਦੌਰਾਨ ਸਾਡੇ ਗੁਰਧਾਮ ਵੀ ਵਿਛੜ ਗਏ। ਅੱਜ ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਰਗੇ ਬਹੁਤ ਸਾਰੇ ਗੁਰਦੁਆਰੇ ਹਨ। ਲਾਹੌਰ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ। ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਤਰਜ ਅਤੇ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ `ਤੇ ਵੀ ਕੰਮ ਕੀਤਾ ਜਾਵੇ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਮਿਲ ਕੇ ਇੱਕ ਗਲਿਆਰਾ ਬਣਾਉਣਾ ਚਾਹੀਦਾ ਹੈ ਤਾਂ ਜੋ ਭਾਰਤ ਤੋਂ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਵੀਜ਼ਾ, ਪਾਸਪੋਰਟ, ਫੀਸ ਜਾਂ ਕਿਸੇ ਵੀ ਗੁੰਝਲਦਾਰ ਫਾਰਮ ਦੀ ਲੋੜ ਨਹੀਂ ਹੋਣੀ ਚਾਹੀਦੀ, ਸਗੋਂ ਇਸਦੀ ਇੱਕ ਸਰਲ ਪ੍ਰਕਿਰਿਆ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ਤੋਂ ਸ੍ਰੀ ਨਨਕਾਣਾ ਸਾਹਿਬ ਜੀ ਦੀ ਦੂਰੀ 104 ਕਿਲੋਮੀਟਰ ਹੈ, ਇਹ ਦੂਰੀ ਕਾਰ ਜਾਂ ਬੱਸ ਰਾਹੀਂ ਢਾਈ ਘੰਟੇ ਵਿੱਚ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਅੰਮ੍ਰਿਤਸਰ ਤੋਂ ਲਾਹੌਰ ਵਾਇਆ ਨਨਕਾਣਾ ਸਾਹਿਬ ਤੱਕ ਦਾ ਰਸਤਾ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਉਥੇ ਜਾ ਕੇ ਖੁੱਲ੍ਹੇ ਦਰਸ਼ਨ ਕਰ ਸਕਣ। ਭਾਰਤ ਸਰਕਾਰ ਨੂੰ ਵੀ ਸਿਆਸੀ ਅਤੇ ਸਰਹੱਦੀ ਮਤਭੇਦਾਂ ਤੋਂ ਉੱਤੇ ਉੱਠ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।