ਨਗਰ ਨਿਗਮ ਦੇ ਬੁਨਿਆਦੀ ਢਾਂਚੇ ਨੂੰ ਚੋਰੀ ਤੋਂ ਬਚਾਉਣ ਲਈ ਮਿਊਂਸੀਪਲ ਪੈਟਰੋਲਿੰਗ ਟੀਮ ਵੱਲੋਂ ਦਿਨ-ਰਾਤ ਦੀ ਗਸ਼ਤ ਕੀਤੀ ਜਾਵੇਗੀ
ਅਮਰੀਕ ਸਿੰਘ
ਅੰਮ੍ਰਿਤਸਰ 7 ਮਾਰਚ
ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ, ਅੰਮ੍ਰਿਤਸਰ ਵਿਖੇ ਸਿਟੀ ਲੈਵਲ ਇਵੈਲੂਏਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਸ. ਘਨਸ਼ਾਮ ਥੋਰੀ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸ: ਹਰਪ੍ਰੀਤ ਸਿੰਘ, ਐਸ.ਈ. ਸੰਦੀਪ ਸਿੰਘ, ਐੱਸ.ਈ. ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਰਾਕੇਸ਼ ਗਰਗ ਅਤੇ ਸਮਾਰਟ ਸਿਟੀ ਦੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ। ਇਹ ਮੀਟਿੰਗ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਧੀਨ ਨਵੇਂ ਪ੍ਰੋਜੈਕਟਾਂ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਲਈ ਹੋਈ। ਹੋਰ ਪ੍ਰੋਜੈਕਟਾਂ ਤੋਂ ਇਲਾਵਾ, ਨਗਰ ਨਿਗਮ ਦੇ ਅਧਿਕਾਰੀਆਂ ਦੀ ਇੱਕ ਗਸ਼ਤ ਟੀਮ ਗਠਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਬੀ.ਆਰ.ਟੀ.ਐਸ. ਸੜਕਾਂ ਅਤੇ ਅੰਦਰੂਨੀ ਗੋਲਾਕਾਰ ਸੜਕਾਂ ਤੋਂ ਲੋਹੇ ਦੀਆਂ ਗਰਿੱਲਾਂ ਦੀ ਚੋਰੀ ਦੇ ਮੱਦੇਨਜ਼ਰ ਨਗਰ ਨਿਗਮ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੀ ਰੋਜ਼ਾਨਾ ਨਿਗਰਾਨੀ ਕਰੇਗੀ ਤਾਂ ਜੋ ਨਗਰ ਨਿਗਮ ਆਪਣੀ ਜਾਇਦਾਦ ਦੀ ਸੁਰੱਖਿਆ ਕਰ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਪ੍ਰੋਜੈਕਟਾਂ ਵਿੱਚ ਇਤਿਹਾਸਕ ਰਾਮ ਬਾਗ ਗਾਰਡਨ ਦੀਆਂ ਖੁੱਲ੍ਹੀਆਂ ਥਾਵਾਂ ਨੂੰ ਲੈਂਡਸਕੇਪਿੰਗ ਰਾਹੀਂ ਸੁੰਦਰ ਬਣਾਉਣਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਆਲੇ-ਦੁਆਲੇ ਦੀ ਰਿਟੇਨਿੰਗ ਦੀਵਾਰ ਦੀ ਮੁਰੰਮਤ ਕਰਨਾ, ਸਾਰਾਗੜ੍ਹੀ ਪਾਰਕਿੰਗ ਨੂੰ ਜਾਂਦੀ ਐਲੀਵੇਟਿਡ ਰੋਡ ਦੇ ਹੇਠਾਂ ਰੰਗਦਾਰ ਲਾਈਟਾਂ ਲਗਾਉਣਾ, ਜੀ.ਟੀ.ਰੋਡ ’ਤੇ ਗੋਲਡਨ ਗੇਟ ਨੂੰ ਸੁਨਹਿਰੀ ਪੇਂਟ ਕਰਨਾ ਆਦਿ ਮਾਮਲੇ ’ਤੇ ਵੱਡੇ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਆਉਣ ਵਾਲੀਆਂ ਮੀਟਿੰਗਾਂ ਵਿਚ ਅੰਤਿਮ ਫੈਸਲਾ ਲਿਆ ਜਾਵੇਗਾ।