ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲਾਨਾ ਧਾਰਮਿਕ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਵਿਦਿਆਰਥੀ 31 ਅਗਸਤ 2023 ਤੱਕ ਭਰ ਸਕਣਗੇ ਦਾਖਲਾ ਫਾਰਮ
ਅਮਰੀਕ ਸਿੰਘ
ਅੰਮ੍ਰਿਤਸਰ, 3 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲਾਨਾ ਧਾਰਮਿਕ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਵਿਦਿਆਰਥੀ 31 ਅਗਸਤ 2023 ਤੱਕ ਦਾਖਲਾ ਫਾਰਮ ਭਰ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਇਸ ਸਾਲ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦੇ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਦਾਖਲਾ ਫਾਰਮ ਭਰਨ ਦੀ ਅੰਤਮ ਤਰੀਕ 31 ਅਗਸਤ 2023 ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਪ੍ਰੀਖਿਆ ਚਾਰ ਦਰਜਿਆਂ ਵਿਚ ਲਈ ਜਾਂਦੀ ਹੈ, ਜਿਸ ਲਈ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਪਹਿਲਾ ਦਰਜਾ, ਨੌਵੀਂ ਤੋਂ ਬਾਰ੍ਹਵੀਂ ਤੱਕ ਦੂਜਾ ਦਰਜਾ, ਗ੍ਰੈਜੂਏਸ਼ਨ ਤੱਕ ਤੀਜਾ ਦਰਜਾ ਅਤੇ ਪੋਸਟ ਗ੍ਰੈਜੂਏਸ਼ਨ ਤੱਕ ਚੌਥੇ ਦਰਜੇ ਤਹਿਤ ਦਾਖਲਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਧਾਰਮਿਕ ਪ੍ਰੀਖਿਆ ਦਾ ਦਾਖਲਾ ਫਾਰਮ ਧਰਮ ਪ੍ਰਚਾਰ ਕਮੇਟੀ ਦੀ ਪ੍ਰੀਖਿਆ ਬ੍ਰਾਂਚ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਵੀ ਦਾਖਲਾ ਫਾਰਮ ਉਪਲੱਬਧ ਹੈ।
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਵਿਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਰਜੇ ਮੁਤਾਬਿਕ ਵੱਖ-ਵੱਖ ਰਾਸ਼ੀ ਦੇ ਵਜੀਫੇ ਦਿੱਤੇ ਜਾਂਦੇ ਹਨ। ਪਹਿਲੇ ਦਰਜੇ ਦੇ ਵਿਦਿਆਰਥੀਆਂ ਲਈ 1100, ਦੂਜੇ ਦਰਜੇ ਲਈ 2100, ਤੀਜੇ ਲਈ 3100 ਤੇ ਚੌਥੇ ਦਰਜੇ ਲਈ 4100 ਰੁਪਏ ਨਿਰਧਾਰਤ ਹਨ। ਇਸ ਤੋਂ ਇਲਾਵਾ ਹਰ ਦਰਜੇ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 5100, 4100 ਤੇ 3100 ਰੁਪਏ ਦੀ ਵਿਸ਼ੇਸ਼ ਸਨਮਾਨਿਤ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਪ੍ਰੀਖਿਆ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਸ਼ਾਮਲ ਕਰਵਾਉਣ, ਤਾਂ ਜੋ ਉਹ ਸਿੱਖੀ ਸਿਧਾਂਤਾਂ ਅਤੇ ਇਤਿਹਾਸ ਨਾਲ ਜੁੜ ਸਕਣ।