ਧਰਮ ਪਰਿਵਰਤਨ ਦੇ ਮਾਮਲਿਆਂ ’ਚ ਕੌਮੀ ਘਟ ਗਿਣਤੀ ਕਮਿਸ਼ਨ ਨੂੰ ਦਖ਼ਲ ਦੀ ਅਪੀਲ।
ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਚੇਅਰਮੈਨ ਸ: ਲਾਲਪੁਰਾ ਕੋਲ ਪਾਸਟਰ ਬਜਿੰਦਰ ਅਤੇ ਪਖੰਡੀਆਂ ਦਾ ਮਾਮਲਾ ਉਠਾਇਆ।
ਅਮਰੀਕ ਸਿੰਘ
ਅੰਮ੍ਰਿਤਸਰ 11 ਜੂਨ
ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਜੀ ਨੂੰ ਮੁੰਬਈ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਇਕ ਮੰਗ ਪੱਤਰ ਦਿੰਦਿਆਂ ਸੁਪਰੀਮ ਕੌਂਸਲ, ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਇਤਰਾਜ਼ਯੋਗ ਤਰੀਕੇ ਨਾਲ ਧਰਮ ਪਰਿਵਰਤਨ ਕਰਾਉਣ ’ਚ ਲੱਗੇ ਹੋਏ ਪਾਸਟਰ ਬਜਿੰਦਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉਸ ਵੱਲੋਂ ਕਰਾਏ ਜਾ ਰਹੇ ਸਮਾਗਮਾਂ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਮੁੱਖ ਦਫ਼ਤਰ ਵਿਖੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਸਮੇਂ ਸਿੱਖ ਵਫ਼ਦ ਦੀ ਅਗਵਾਈ ਕਰ ਰਹੇ ਭਾਈ ਸਿੱਧੂ ਨੇ ਕਿਹਾ ਕਿ ਆਪਣੇ ਆਪ ਨੂੰ “ਪੈਗੰਬਰ” ਹੋਣ ਦਾ ਦਾਅਵਾ ਕਰਨ ਵਾਲੇ ਪਾਸਟਰ ਬਜਿੰਦਰ ਸਿੰਘ, ਇੱਕ ਧਰਮ ਪਰਿਵਰਤਿਤ ਈਸਾਈ ਹੈ ਅਤੇ ਉਹ ਲੋਕਾਂ ਨੂੰ ਭੁਲੇਖਾ ਪਾਉਣ ਅਤੇ ਗੁਮਰਾਹ ਕਰਨ ਬਲਕਿ ਧੋਖਾ ਦੇਣ ਲਈ ਆਪਣੇ ਨਾਮ ਨਾਲ “ਸਿੰਘ” ਵੀ ਲਾ ਰਹਾ ਹੈ। ਉਸ ਨੂੰ “ਸਿੰਘ” ਸ਼ਬਦ ਵਰਤਣ ਦਾ ਕੋਈ ਹੱਕ ਨਹੀਂ ਕਿਉਂਕਿ “ਸਿੰਘ” ਅੰਮ੍ਰਿਤਧਾਰੀ ਸਿੱਖਾਂ ਲਈ ਹੈ।
ਉਨ੍ਹਾਂ ਦੱਸਿਆ ਕਿ ਪਾਸਟਰ ਬਜਿੰਦਰ ਨੇ ਪੈਗੰਬਰ ਬਜਿੰਦਰ ਸਿੰਘ ਦੇ ਨਾਮ ’ਤੇ ਇੱਕ ਯੂਟਿਊਬ ਚੈਨਲ ਰਾਹੀਂ ਛੇ ਸੌ ਤੋਂ ਵੱਧ ਵੀਡੀਓਜ਼ ਅੱਪਲੋਡ ਕੀਤੇ ਹੋਏ ਹਨ। ਜਿਨ੍ਹਾਂ ’ਚ ਉਸ ਨੂੰ “ਜੀਵਤ ਪਰਮਾਤਮਾ” ਅਤੇ “ਨਬੀ” ਵਜੋਂ ਪੇਸ਼ ਕੀਤਾ ਹੈ ਜੋ ਚਮਤਕਾਰ ਕਰ ਸਕਦਾ ਹੈ। ਉਹ ਆਪਣੇ ਹੱਥ ਦੀ ਛੋਹ ਨਾਲ ਕਿਸੇ ਵੀ ਬਿਮਾਰੀ ਅਤੇ ਬਿਮਾਰੀ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਹੈ। ਕਈ ਵੀਡੀਓ ਤਾਂ “ਦੁਸ਼ਟ ਆਤਮਾਵਾਂ” ਦੇ ਵੱਸ ਪਏ ਲੋਕਾਂ ਨੂੰ ਠੀਕ ਕਰਦੇ ਹੋਏ ਵੀ ਦਿਖਾਇਆ ਗਿਆ ਹੈ। ਭਾਈ ਸਿੱਧੂ ਨੇ ਕਿਹਾ ਕਿ ਪਾਸਟਰ ਬਜਿੰਦਰ ਵੱਲੋਂ ਜਾਣੂ ਟੂਣਾ, ਅੰਧਵਿਸ਼ਵਾਸ ਅਤੇ ਚਮਤਕਾਰੀ ਹੋਣ ਦਾ ਝਾਂਸਾ ਦੇ ਕੇ ਗ਼ਰੀਬ ਅਤੇ ਬਿਮਾਰੀ ਨਾਲ ਗ੍ਰਸਤ ਲੋਕਾਂ ਨੂੰ ਗੁਮਰਾਹ ਅਤੇ ਲਾਲਚ ’ਚ ਫਸਾਉਂਦਿਆਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਬਾਰੇ ਕਈ ਵਾਰ ਵਿਵਾਦ ਸਾਹਮਣੇ ਆ ਚੁੱਕੇ ਹਨ। ਬਜਿੰਦਰ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਅਤੇ ਉਸ ਦੀਆਂ ਅਜਿਹੀਆਂ ਹਰਕਤਾਂ ਬਾਰੇ ਅਵਾਜ਼ ਉਠਾਉਣ ਵਾਲਿਆਂ ਨੂੰ ਉਸ ਅਤੇ ਉਸ ਦੇ ਗਰੁੱਪ ਵੱਲੋਂ ਕਾਨੂੰਨੀ ਕਾਰਵਾਈ ਦਾ ਹੀ ਡਰਾਵਾ ਨਹੀਂ ਦਿੱਤਾ ਜਾ ਰਿਹਾ ਸਗੋਂ ਕਈਆਂ ’ਤੇ ਉਨ੍ਹਾਂ ਵੱਲੋਂ ਕੇਸ ਵੀ ਦਰਜ ਕਰਾਏ ਗਏ ਹਨ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਅਖੌਤੀ “ਨਬੀ” ਬਜਿੰਦਰ ਸਿੰਘ ਨੇ ਮੁੰਬਈ ਵਿੱਚ “ਮੁੰਬਈ ਪੀਸ ਫੈਸਟੀਵਲ” ਦੇ ਨਾਂ ਹੇਠ ਅਜਿਹਾ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਬਣਾਈ ਅਤੇ ਹਾਜ਼ਰੀਨਾਂ ਨੂੰ ਇਕੱਠਾ ਕਰਨ ਲਈ ਕਈ ਬਾਲੀਵੁੱਡ ਸਿਤਾਰਿਆਂ ਦੁਆਰਾ ਉਸ ਦੇ ਸਮਾਗਮ ਦਾ ਪ੍ਰਚਾਰ ਵੀ ਕੀਤਾ ਗਿਆ। ਜਿਸ ਦੇ ਖ਼ਿਲਾਫ਼ ਮੁੰਬਈ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਨੇ ਸਖ਼ਤ ਸਟੈਂਡ ਲਿਆ ਅਤੇ ਸਥਾਨਕ ਪੁਲੀਸ ਪ੍ਰਸ਼ਾਸਨ, ਮਹਾਰਾਸ਼ਟਰ ਦੇ ਰਾਜਪਾਲ ਅਤੇ ਗ੍ਰਹਿ ਮੰਤਰੀ (ਰਾਜ) ਨੂੰ ਸ਼ਿਕਾਇਤ ਕੀਤੀ। ਸੰਗਤੀ ਦਬਾਅ ਕਾਰਨ ਪਾਸਟਰ ਵੱਲੋਂ 12 ਮਈ ਕਰਾਇਆ ਜਾ ਰਿਹਾ ਪ੍ਰੋਗਰਾਮ ਰੱਦ ਕਰਨਾ ਪਿਆ। ਬਜਿੰਦਰ ਸਿੰਘ ਅਤੇ ਉਸ ਦੀ ਟੀਮ ਵੱਲੋਂ ਮਾਮਲੇ ਨੂੰ ਹਾਈ ਕੋਰਟ ਵਿੱਚ ਲਿਜਾਇਆ ਗਿਆ , ਜਿੱਥੇ ਵੀ ਉਸ ਨੂੰ ਨਿਰਾਸ਼ਾਜਨਕ ਅਸਫਲ ਮਿਲੀ। ਉਸ ਵੱਲੋਂ 19 ਮਈ ਅਤੇ ਫਿਰ 24 ਮਈ 2022 ਨੂੰ ਮੁੜ ਈਵੈਂਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਸੰਗਤ ਨੇ ਸਫਲ ਨਹੀਂ ਹੋਣ ਦਿੱਤਾ। ਇਸੇ ਤਰਾਂ ਲੋਕਾਂ ਦੇ ਵਿਰੋਧ ਕਾਰਨ ਉਸ ਨੂੰ ਸੂਬਾ ਉੜੀਸਾ ਵਿਖੇ 26 ਅਤੇ 27 ਮਈ 2022 ਨੂੰ ਬੋਲਾਂਗੀਰ ਦਾ ਈਵੈਂਟ ਵੀ ਰੱਦ ਕਰਨਾ ਪਿਆ।
ਇਸ ਮੌਕੇ ਭਾਈ ਜਸਪਾਲ ਸਿੰਘ ਸਿੱਧੂ ਨੇ ਸ: ਇਕਬਾਲ ਸਿੰਘ ਲਾਲਪੁਰਾ ਨਾਲ ਪੰਜਾਬ ’ਚ ਹੋ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਸ: ਲਾਲਪੁਰਾ ਨੂੰ ਇਨ੍ਹਾਂ ਮਾਮਲਿਆਂ ’ਚ ਦਖ਼ਲ ਦੇ ਕੇ ਬਜਿੰਦਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਵੀ ਕੀਤੀ ਹੈ। ਸ: ਲਾਲਪੁਰਾ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਗੰਭੀਰਤਾ ਨਾਲ ਲੈਣ ਦਾ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਹੈ। ਭਾਈ ਸਿੱਧੂ ਨੇ ਪੰਜਾਬ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦਾ ਧਿਆਨ ਦਿਵਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਮਹਾਰਾਸ਼ਟਰ ਅਤੇ ਉੜੀਸਾ ਵਿੱਚ ਸਿੱਖਾਂ ਦੀ ਘਟ ਆਬਾਦੀ ਦੇ ਬਾਵਜੂਦ ਬਜਿੰਦਰ ਦੀਆਂ ਧਰਮ ਪਰਿਵਰਤਨ ਕਾਰਵਾਈਆਂ ਨੂੰ ਵਾਰ ਵਾਰ ਅਸਫਲ ਕੀਤਾ ਜਾਂਦਾ ਰਿਹਾ ਫਿਰ ਪੰਜਾਬ ’ਚ ਪ੍ਰਭਾਵਸ਼ਾਲੀ ਸਿਖਾ ਭਾਈਚਾਰਾ ਪੰਜਾਬ ਦੇ ਰਹਿਣ ਵਾਲੇ ਬਜਿੰਦਰ ਸਿੰਘ ਅਤੇ ਹੋਰ ਮਿਸ਼ਨਰੀਆਂ ਪਖੰਡੀਆਂ ਨੂੰ ਰੋਕਣ ਪ੍ਰਤੀ ਕਿਉਂ ਖ਼ਾਮੋਸ਼ੀ ਧਾਰੀ ਹੋਈ ਹੈ? ਇਸ ਮੌਕੇ ਵਫ਼ਦ ’ਚ ਭਾਈ ਜਸਪਾਲ ਸਿੰਘ ਸਿੱਧੂ ਦੇ ਨਾਲ ਵਿਕੀ ਥਾਮਸ, ਸਤਨਾਮ ਸਿੰਘ ਬਾਜਵਾ, ਅਮਰਜੀਤ ਸਿੰਘ ਰੰਧਾਵਾ ਵੀ ਸ਼ਾਮਿਲ ਸਨ ।