Breaking News

ਦਿੱਲੀ ਕਮੇਟੀ ਵਿੱਚ ਹੁੰਦੀਆਂ ਖੁਰਾਫਾਤੀਆਂ ਤੇ ਧਾਂਦਲੀਆਂ ਦੀ ਜਾਂਚ ਜਥੇਦਾਰ ਅਕਾਲ ਤਖਤ ਤੁਰੰਤ ਕਰਾਉਣ-ਪਰਮਜੀਤ ਸਿੰਘ ਸਰਨਾ

ਅਕਾਲ ਤਖਤ ਵੱਲੋ ਜਾਂਚ ਕਰਾਉਣ ਦਾ ਸੁਆਗਤ ਕਰਦੇ ਹਾਂ- ਕਾਲਕਾ

ਦਿੱਲੀ ਕਮੇਟੀ ਵਿੱਚ ਹੁੰਦੀਆਂ ਖੁਰਾਫਾਤੀਆਂ ਤੇ ਧਾਂਦਲੀਆਂ ਦੀ ਜਾਂਚ ਜਥੇਦਾਰ ਅਕਾਲ ਤਖਤ ਤੁਰੰਤ ਕਰਾਉਣ-ਪਰਮਜੀਤ ਸਿੰਘ ਸਰਨਾ

ਅਕਾਲ ਤਖਤ ਵੱਲੋ ਜਾਂਚ ਕਰਾਉਣ ਦਾ ਸੁਆਗਤ ਕਰਦੇ ਹਾਂ- ਕਾਲਕਾ

ਅਮਰੀਕ ਸਿੰਘ

ਅੰਮ੍ਰਿਤਸਰ 24 ਅਕਤੂਬਰ

ਸ਼੍ਰੋਮਣੀ ਅਕਾਲ਼ੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਦਿੱਲੀ ਕਮੇਟੀ ਵਿੱਚ ਹੁੰਦੀਆਂ ਖੁਰਾਫਤੀਆਂ ਤੇ ਗੁਰੂ ਦੀ ਗੋਲਕ ਦੀਆਂ ਧਾਂਦਲੀਆ ਤੇ ਦੁਰਵਰਤੋਂ ਦੀ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਕਿ ਗੁਰੁ ਦੀ ਗੋਲਕ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੱਜ ਦਿੱਲੀ ਦੇ ਗੁਰਦੁਆਰੇ ਹੀ ਖਤਰੇ ਵਿੱਚ ਨਹੀਂ ਹਨ ਸਗੋਂ ਇੱਕ ਦਰਜਨ ਤੋਂ ਵੱਧ ਸ੍ਰੀ ਗੁਰੁ ਹਰਕ੍ਰਿਸ਼ਨ ਸਕੂਲ ਜਿਹੜੇ ਬੜੀ ਹੀ ਮਿਹਨਤ ਤੇ ਮੁਸ਼ੱਕਤ ਨਾਲ ਸਾਡੇ ਬਜ਼ੁਰਗਾਂ ਨੇ ਬਣਾਏ ਸਨ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਅਰਬਾਂ ਰੁਪਏ ਦੀ ਸੰਪਤੀ ਸਰਕਾਰ ਦੇ ਹਵਾਲੇ ਕਰਨ ਦੇ ਰਾਹ ਪੱਧਰੇ ਕੀਤੇ ਜਾ ਰਹੇ ਹਨ।ਅਧਿਆਪਕਾਂ ਦਾ 300-400 ਕਰੋੜ ਬਕਾਇਆ ਪਿਆ ਹੈ ਜਿਹੜਾ ਦਿੱਲੀ ਕਮੇਟੀ ਅਦਾ ਨਹੀਂ ਕਰ ਰਹੀ ਤੇ ਆਪਣੇ ਬਲਬੂਤੇ ਤੇ ਖੜੀਆਂ ਵਿਿਦਅਕ ਸੰਸਥਾਵਾਂ ਦੇ ਫੰਡ ਹੋਰ ਕੰਮਾਂ ਵਾਸਤੇ ਵਰਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਜਦੋ ਉਹਨਾਂ ਨੇ 2013 ਵਿੱਚ ਸੇਵਾ ਛੱਡੀ ਸੀ ਤਾਂ ਉਸ ਸਮੇਂ 125 ਕਰੋੜ ਦੀਆਂ ਐਫ ਦੀ ਆਰਜ਼ ਤੇ ਹੋਰ ਮਾਇਆ ਛੱਡ ਕੇ ਗਏ ਸਨ ਤੇ ਅੱਜ ਕਮੇਟੀ ਠੁਣ ਠੁਣ ਗੋਪਾਲ ਹੋਈ ਪਈ ਹੈ।

ਗੁਰੁ ਦੀ ਗੋਲਕ ਦੀ ਗੱਲ ਕੀਤੀ ਜਾਵੇ ਤਾਂ ਗੋਲਕ ਨੂੰ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਸਰਕਾਰੀ ਕੰਮਾਂ ਤੇ ਖਰਚ ਕੀਤਾ ਜਾ ਰਿਹਾ ਹੈ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਗੁਰੁ ਦੀ ਗੋਲਕ ਦਾ ਵੱਡਾ ਹਿੱਸਾ ਅਦਾਲਤਾਂ ਵਿੱਚ ਬੇਲੋੜੇ ਕੇਸ ਕਰਕੇ ਵਕੀਲਾਂ ਦੀ ਜੇਬ ਵਿੱਚ ਨੋਟ ਪਾਏ ਜਾ ਰਹੇ ਹਨ। ਗੁਰਦੁਆਰਾ ਸਮਾਗਮਾਂ ਵਿੱਚ ਉਹ ਲੋਕ ਚੌਧਰੀ ਹੁੰਦੇ ਹਨ ਜਿਹਨਾਂ ਦਾ ਦਿੱਲੀ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਗੁਰੁ ਦੀ ਗੋਲਕ ਨੂੰ ਆਪਣੇ ਸੁਆਰਥ ਵਾਸਤੇ ਵਰਤ ਰਹੇ ਹਨ।ਉਹਨਾਂ ਦਿੱਲੀ ਕਮੇਟੀ ਵੱਲੋਂ ਪੰਜਾਬ ਵਿੱਚ ਧਰਮ ਪ੍ਰਚਾਰ ਦੇ ਕੀਤੇ ਜਾ ਰਹੇ ਦਾਅਵਿਆ ਨੂੰ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਧਰਮ ਪ੍ਰਚਾਰ ਕਰਨ ਦਾ ਸ਼ੋਰ ਮਚਾਇਆ ਜਾ ਰਿਹਾ ਹੈ ਪਰ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਬਾਖੂਬੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀ ਕਾਵਾਂਰੌਲੀ ਪਾਈ ਜਾ ਰਹੀ ਹੈ ਕਿ ਧਰਮ ਪ੍ਰੀਵਰਤਨ ਕਰਨ ਵਾਲੇ ਸਿੱਖ ਪਰਿਵਾਰਾਂ ਨੂੰ ਉਹਨਾਂ ਨੇ ਵਾਪਸ ਲਿਆਦਾ ਹੈ ਇਹ ਸਿਰਫ ਸਟੰਟਬਾਜ਼ੀ ਹੈ ਜਦ ਕਿ ਉਹ ਕਦੇ ਕਿਸੇ ਹੋਰ ਧਰਮ ਵਿੱਚ ਗਏ ਹੀ ਨਹੀਂ ਹਨ।

ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਪੰਜਾਬ ਵਿੱਚ ਆ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਦਿੱਲੀ ਵਿੱਚ ਜੇਕਰ ਅੱਜ ਚੋਣਾਂ ਹੋ ਜਾਣ ਕਾਲਕਾ ਤੇ ਉਸ ਦੀ ਜੁੰਡਲੀ ਨਿਹੰਗ ਦੇ ਬਾਟੇ ਵਾਂਗ ਮਾਂਜੇ ਜਾਣਗੀ ਤੇ ਕਾਲਕਾ ਨੂੰ ਉਹ ਸੁਝਾਅ ਦਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਉਹਨਾਂ ਉਮੀਦਵਾਰਾਂ ਨੂੰ ਖੜਾ ਕੀਤਾ ਜਾਵੇ ਜਿਹਨਾਂ ਕੋਲ ਜ਼ਮਾਨਤ ਜਬਤ ਕਰਾਉਣ ਦੀ ਸਮੱਰਥਾ ਹੋਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਲੜੀਆਂ ਜਾਣਗੀਆਂ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਵੱਲੋਂ ਅੱਠ ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦੇ ਕੀਤੇ ਜਾਂਦੇ ਦਾਅਵੇ ਨੂੰ ਉਹਨਾਂ ਦਰਕਿਨਾਰ ਕਰਦਿਆ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਚੋਣ ਲੜਦੀ ਹੈ ਤਾਂ ਇਸ ਵਾਰੀ ਦਸ ਵੋਟਾਂ ਵੀ ਨਹੀ ਲੈ ਸਕੇਗੀ ਕਿਉਕਿ ਹਰ ਮੈਂਬਰ ਸ੍ਰੌਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ ਹੈ।ਉਹਨਾਂ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਨੇ ਤੁਰੰਤ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਦੇ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਗੁਰੁ ਘਰ ਦੀਆਂ ਸੰਪਤੀਆਂ ਖੁੱਸ ਜਾਣਗੀਆਂ।ਇਸ ਸਮੇਂ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਮਨਜੀਤ ਸਿੰਘ ਸਰਨਾ, ਯੂਥ ਅਕਾਲੀ ਦਲ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਕਰਤਾਰ ਸਿੰਘ ਚਾਵਲਾ ਮੈਂਬਰ ਦਿੱਲੀ ਕਮੇਟੀ, ਅਮਰਜੀਤ ਸਿੰਘ ਗੁਲੂ, ਰਾਵਿੰਦਰ ਸਿੰਘ ਸਭਰਵਾਲ, ਅਰਮੀਤ ਸਿੰਘ ਖਾਨਪੁਰੀ, ਪਰਮਜੀਤ ਸਿੰਘ ਮਾਨ,ਵਰਿੰਦਰਪਾਲ ਸਿੰਘ ਬਿੱਲਾ, ਅਮਰਜੀਤ ਸਿੰਘ ਕਟਾਰੀਆ ਆਦਿ ਹਾਜ਼ਰ ਸਨ।

ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਸ੍ਰ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਕਮੇਟੀ ਦੇ ਹਿਸਾਬ ਕਿਤਾਬ ਦੀ ਜਾਂਚ ਲਈ ਸ੍ਰੀ ਅਕਾਲ ਤਖਤ ਦੇੇ ਜਥੇਦਾਰ ਨੂੰ ਦਿੱਤੇ ਮੰਗ ਪੱਤਰ ਦਾ ਉਹ ਦਿੱਲੀ ਕਮੇਟੀ ਵੱਲੋ ਸੁਆਗਤ ਕਰਦੇ ਹਨ ਤੇ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੂੰ ਪੁਰਜੋਰ ਅਪੀਲ ਕਰਦੇ ਹਨ ਕਿ ਜਾਂਚ ਤੁਰੰਤ ਕਰਵਾਈ ਜਾਵੇ ਹੋਣੀ ਤਾਂ ਕਿ ਜਨਤਾ ਦੀ ਕਚਿਹਰੀ ਵਿੱਚ ਸਾਹਮਣੇ ਆ ਸਕੇ ਕਿ ਕਿਹੜੀ ਕਮੇਟੀ ਸਮੇਂ ਖੁਰਫਾਤੀਆਂ ਤੇ ਧਾਂਦਲੀਆ ਹੋਈਆਂ ਹਨ। ਉਹਨਾਂ ਕਿਹਾ ਕਿ ਸਕੂਲਾਂ ਦਾ ਜਿੰਨਾ ਵੀ ਢਾਚਾਂ ਵਿਗੜਿਆਂ ਹੈ ਉਸ ਲਈ ਕੋਈ ਹੋਰ ਨਹੀਂ ਸਗੋਂ ਪਰਮਜੀਤ ਸਿੰਘ ਸਰਨਾ ਹੀ ਦੋਸ਼ੀ ਹੈ। ਉਹਨਾਂ ਕਿਹਾ ਕਿ ਜਦੋਂ ਤੋ ਉਹਨਾਂ ਕੋਲ ਸੇਵਾ ਆਈ ਹੈ ਉਹਨਾਂ ਨੇ ਸਕੂਲਾਂ ਦਾ 60 ਕਰੋੜ ਦਾ ਕਰਜ਼ਾ ਲਾਹਿਆ ਹੈ ਅਤੇ ਸਕੂਲ ਦਿੱਲੀ ਕਮੇਟੀ ਦੇ ਹਨ ਤੇ ਦਿੱਲੀ ਕਮੇਟੀ ਕੋਲ ਹੀ ਰਹਿਣਗੇ।ਉਹਨਾਂ ਕਿਹਾ ਕਿ ਗੁਰਦੁਆਰਿਆਂ ਦੇ ਵਿਕਾਸ ਕੰਮਾਂ ਵਿੱਚ ਵੀ ਬਹੁਤ ਵੱਡੇ ਕਾਰਜ ਕੀਤੇ ਹਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …