ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਅੱਗੇ ਵੱਧਣ ਲਈ ਵੱਧ ਤੋਂ ਵੱਧ ਮੌਕੇ ਦੇਣ ਦਾ ਸੱਦਾ ਦਿੱਤਾਧੀਆਂ ਨੇ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਮੋਹਰੀ ਹੋ ਕੇ ਆਪਣੀ ਕਾਬਲੀਅਤ ਦਾ ਲੋਹ ਮਨਵਾਇਆ - ਡਿਪਟੀ ਕਮਿਸ਼ਨਰਗੁਰਸ਼ਰਨ ਸਿੰਘ ਸੰਧੂ ਗੁਰਦਾਸਪੁਰ, 14 ਜਨਵਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਪੂਰਾ ਮਾਣ-ਸਤਿਕਾਰ ਦੇਣ ਨਾਲ ਉਨ੍ਹਾਂ ਨੂੰ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੌਕੇ ਦੇਣ ਤਾਂ ਜੋ ਇਹ ਧੀਆਂ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਲ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਡਿਪਟੀ ਕਮਿਸ਼ਨਰ ਅੱਜ ਸਰਕਾਰੀ ਬਿਰਦ ਆਸ਼ਰਮ ਬੱਬਰੀ (ਨੇੜੇ ਸਿਵਲ ਹਸਪਤਾਲ ਗੁਰਦਾਸਪੁਰ) ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਧੀਆਂ ਨੇ ਆਪਣੀ ਕਾਬਲੀਅਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਮੌਕੇ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਲੜਕਿਆਂ ਨੂੰ ਪਛਾੜ ਕੇ ਅੱਗੇ ਨਿਕਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਾੜ ਤੋਂ ਲੈ ਕੇ ਹਰ ਖੇਤਰ ਵਿੱਚ ਲੜਕੀਆਂ ਮੋਹਰੀ ਹਨ ਅਤੇ ਲੜਕੀਆਂ ਵੱਲੋਂ ਨਿੱਤ ਨਵੀਆਂ ਸਫਲਤਾਂ ਦੀਆਂ ਕਹਾਣੀਆਂ ਸਿਰਜੀਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਹਾਲਾਂਕਿ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਵਿੱਚ ਤਬਦੀਲੀ ਤਾਂ ਆਈ ਹੈ ਪਰ ਅਜੇ ਵੀ ਲੜਕੇ ਤੇ ਲੜਕੀ ਵਿੱਚ ਭੇਦਭਾਵ ਜਾਰੀ ਹੈ ਜਿਸਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸੋਚ ਨੂੰ ਬਦਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀਆਂ ਧੀਆਂ ਨੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ, ਜ਼ਿਲ੍ਹੇ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ’ਤੇ ਮਾਣ ਹੈ। ਉਨ੍ਹਾਂ ਧੀਆਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਉਹ ਪੂਰੀ ਲਗਨ ਨਾਲ ਪੜ੍ਹਾਈ ਕਰਨ ਅਤੇ ਜਿਸ ਵੀ ਖੇਤਰ ਵਿੱਚ ਉਹ ਜਾਣਾ ਚਾਹੁੰਦੀਆਂ ਹਨ ਉਸ ਦੀ ਤਿਆਰੀ ਲਈ ਪੂਰੀ ਮਿਹਨਤ ਕਰਨ ਸਫਲਤਾ ਉਨ੍ਹਾਂ ਦੇ ਕਦਮਾਂ ਨੂੰ ਜਰੂਰ ਛੂਹੇਗੀ।ਇਸ ਮੌਕੇ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ‘ਭੁੱਗਾ’ ਬਾਲਿਆ ਗਿਆ ਅਤੇ ਸਰਕਾਰੀ ਬਿਰਦ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ, ਬਾਲ ਭਵਨ ਗੁਰਦਾਸਪੁਰ ਦੇ ਬੱਚਿਆਂ ਅਤੇ ਆਂਗਨਵਾੜੀ ਸੁਪਰਵਾਈਜਰ ਤੇ ਵਰਕਰਾਂ ਵੱਲੋਂ ਲੋਹੜੀ ਦੀ ਖੁਸ਼ੀ ਵਿੱਚ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗ ਲੋਕ ਗੀਤ, ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏ.ਡੀ.ਸੀ. ਡਾ. ਨਿਧੀ ਕੁਮੁਦ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਸਮੇਤ ਹੋਰ ਵੀ ਹਾਜ਼ਰੀਨ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਨਵਜਨਮੀਆਂ ਧੀਆਂ ਨੂੰ ਲੋਹੜੀ ਪਾਈ ਗਈ। ਇਸਦੇ ਨਾਲ ਹੀ ਜ਼ਿਲ੍ਹੇ ਦੀਆਂ 11 ਲੜਕੀਆਂ ਜਿਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਉਨਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਸਨਾਮਨਿਤ ਹੋਣ ਵਾਲੀਆਂ ਲੜਕੀਆਂ ਵਿੱਚ ਕੋਮਲਪ੍ਰੀਤ ਕੌਰ ਫਲਾਇੰਗ ਅਫ਼ਸਰ ਭਾਰਤੀ ਹਵਾਈ ਸੈਨਾ, ਨਵਦੀਪ ਕੌਰ ਖਿਡਾਰਨ ਵੇਟ ਲਿਫਟਿੰਗ, ਹਰਮਨਪ੍ਰੀਤ ਕੌਰ ਖਿਡਾਰਨ ਵੇਟ ਲਿਫਟਿੰਗ, ਜਸਪ੍ਰੀਤ ਕੌਰ ਅਥਲੀਟ, ਮੁਸਕਾਨ ਜਿਮਨਾਸਟਿਕਸ, ਸ਼ਿਵਾਨੀ ਸਲਾਰੀਆ ਬੀ.ਵੀ.ਓ.ਸੀ. (ਐੱਸ.ਡੀ) ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਦਿਸ਼ਾ ਬੀ.ਐੱਸ.ਸੀ. (ਐੱਫ.ਡੀ) ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਨੀਤਿਕਸ਼ਾ ਗਿੱਲ ਐੱਮ.ਏ. ਹਿੰਦੀ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਸੁਖਬੀਰ ਕੌਰ ਐੱਮ.ਏ. ਪੰਜਾਬੀ ਗੋਲਡ ਮੈਡੀਲਿਸਟ, ਕਵਿਤਾ ਨੂੰ ਸੰਗੀਤ ਦੇ ਖੇਤਰ ਵਿੱਚ ਅਤੇ ਯੂਥ ਪਾਰਲੀਮੈਂਟ ਨੂੰ ਸੰਬੋਧਨ ਕਰਨ ਵਾਲੀ ਵਿਦਿਆਰਥਣ ਯੋਗਿਤਾ ਸ਼ਾਮਲ ਸਨ।ਇਸ ਮੌਕੇ ਏ.ਡੀ.ਸੀ. (ਜ) ਡਾ. ਨਿਧੀ ਕੁਮੁਦ ਬਾਮਬਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਸੀ.ਡੀ.ਪੀ.ਓ. ਗੁਰਦਾਸਪੁਰ ਮੈਡਮ ਸ਼ਸ਼ੀ, ਵਰਿੰਦਰ ਸਿੰਘ ਗਿੱਲ, ਬਿਰਦ ਆਸ਼ਰਮ ਦੀ ਮੈਨੇਜਰ ਮੈਡਮ ਅਪਰਨਾ, ਡਿਪਟੀ ਡੀ.ਈ.ਓ. ਬਲਬੀਰ ਸਿੰਘ ਘੁੰਮਣ, ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਮੋਹਤਬਰ ਹਾਜ਼ਰ ਸਨ।