ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਯੂ.ਪੀ.ਐਸ.ਸੀ. ਦੇ ਪੇਪਰ ਦੀ ਤਿਆਰੀ ਦੇ ਇੱਛੁਕ ਵਿਦਿਆਰਥੀਆਂ ਦੇ ਮਾਰਗਦਰਸ਼ਨ ਲਈ ਸੈਮੀਨਾਰ ਦਾ ਆਯੋਜਨ
ਅਮਰੀਕ ਸਿੰਘ
ਫਿਰੋਜ਼ਪੁਰ, 13 ਜੂਨ:
ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ, ਆਈ.ਏ.ਐਸ, ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵੱਲੋਂ ਦੱਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ ਪਾਸ ਅਤੇ ਪੜ੍ਹਾਈ ਕਰ ਰਹੇ ਬੱਚੇ ਜੋ ਕਿ ਯੂ.ਪੀ.ਐਸ.ਸੀ. ਦੇ ਪੇਪਰ ਦੀ ਤਿਆਰੀ ਦੇ ਇੱਛੁਕ ਹਨ, ਦੇ ਮਾਰਗਦਰਸ਼ਨ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਜੀ ਵੱਲੋਂ ਆਏ ਹੋਏ ਬੱਚਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਆਈ.ਪੀ.ਐਸ. ਅਫਸਰ ਉਮੇਸ਼ ਗੋਇਲ ਜੀ ਖਾਸ ਤੌਰ ‘ਤੇ ਹਾਜ਼ਰ ਬੱਚਿਆਂ ਦੇ ਰੂਬਰੂ ਹੋਏ। ਮੁੱਖ ਮਹਿਮਾਨਾਂ ਵੱਲੋਂ ਆਪਣੇ ਪਰਿਵਾਰਿਕ ਅਤੇ ਪੜ੍ਹਾਈ ਨਾਲ ਸਬੰਧਤ ਤਜ਼ਰਬਿਆਂ ਨੂੰ ਬੱਚਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਕਰਨ ਲਈ ਸਾਨੂੰ ਪਹਿਲਾਂ ਖੁਦ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਨਾ ਪੈਂਦਾ ਹੈ ਅਤੇ ਆਪਣੇ ਆਪ ਨੂੰ ਇਸ ਕਾਬਿਲ ਬਣਾਉਣਾ ਪੈਂਦਾ ਹੈ ਕਿ ਲੱਖਾਂ ਔਕੜਾਂ ਆਉਣ ਦੇ ਬਾਵਜੂਦ ਵੀ ਅਸੀਂ ਆਪਣੇ ਟੀਚੇ ਤੋਂ ਭਟਕ ਨਾ ਜਾਈਏ। ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਸਕਾਰਾਤਮਕ ਤਰੀਕੇ ਨਾਲ ਵਿਸਥਾਰਪੂਰਵਕ ਦਿੱਤੇ ਗਏ। ਹਾਜ਼ਰ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਸੈਮੀਨਾਰ ਭਵਿੱਖ ਵਿੱਚ ਵੀ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਉਜਵੱਲ ਭਵਿੱਖ ਲਈ ਸਹੀ ਰਸਤਾ ਅਪਣਾਉਣ ਬਾਰੇ ਜਾਣਕਾਰੀ ਮਿਲਦੀ ਰਹੇ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ), ਅਮਿਤ ਮਹਾਜਨ ਨੇ ਵੀ ਆਏ ਹੋਏ ਬੱਚਿਆਂ ਨੂੰ ਸੁਨਹਿਰੀ ਭਵਿੱਖ ਲਈ ਮਾਰਗਦਰਸ਼ਨ ਕਰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ, ਗੁਰਜੰਟ ਸਿੰਘ ਪਲੇਸਮੈਂਟ ਅਫਸਰ, ਨਵਦੀਪ ਅਸੀਜਾ ਟ੍ਰੇਨਿੰਗ ਐਂਡ ਪਲੇਸਮੈਂਟ ਮੈਨੇਜਰ, ਮਨਜੀਤ ਕੌਰ ਮੈਨੇਜਰ, ਪੀ.ਐਸ ਡੀ.ਐਮ, ਸ਼੍ਰੀ ਰਾਜ ਕੁਮਾਰ ਅਤੇ ਡਾ: ਗੁਰਪਾਲ ਸਿੰਘ ਰਾਣਾ ਡੀ.ਸੀ.ਐਮ. ਗਰੁੱਪ ਆਫ ਸਕੂਲ ਆਦਿ ਹਾਜ਼ਰ ਸਨ।
—-