ਜੀਐਨਡੀਯੂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਲੱਗੇਗੀ 2 ਦਿਨ ਦੀ ਵਿਸ਼ੇਸ਼ ਇਤਿਹਾਸਕ ਪ੍ਰਦਰਸ਼ਨੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 330 ਸਾਲ ਪੁਰਾਤਨ ਹੱਥ-ਲਿਖਤ ਖਰੜਿਆਂ ਵਿਚ ਹੋਈ ਅਦਭੁਤ ਤੇ ਦੁਰਲਭ ਚਿਤਰਕਲਾ ਦੇ ਹੋਣਗੇ ਦਰਸ਼ਨ
AMRIK SINGH AND GURSHARAN SANDHU
ਅੰਮ੍ਰਿਤਸਰ 30 ਅਗਸਤ
– ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 418ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ੇਸ਼ ਪ੍ਰਦਰਸ਼ਨੀ 1-2 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਪ੍ਰਦਰਸ਼ਨੀ ਹਾਲ ਵਿਚ ਲਗਾਈ ਜਾ ਰਹੀ ਹੈ ਜਿਸ ਵਿਚ 17ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਦੇ ਪ੍ਰਾਚੀਨ ਦੁਰਲਭ ਹੱਥਲਿਖਤ ਖਰੜਿਆਂ ਵਿਚ ਬੇਲ-ਬੂਟੀਆਂ ਦੇ ਰੂਪ ਵਿਚ ਹੋਏ ਅਦਭੁੱਤ ਕਲਾ ਦੇ ਸ਼ਾਨਦਾਰ ਤੇ ਸੁੰਦਰ ਕਾਰਜ ਨੂੰ ਤਸਵੀਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਇਸ ਵਿਸ਼ਾ ਖੇਤਰ ਵਿਚ ਪਹਿਲਾ ਜਤਨ ਹੈ।ਇਸ ਪ੍ਰਦਰਸ਼ਨੀ ਦਾ ਉਦਘਾਟਨ 1 ਸਤੰਬਰ ਨੂੰ 10 ਵਜੇ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਰਨਗੇ।
ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਅਮਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੇ ਅਧਿਆਤਮਿਕ ਗਿਆਨ ਦਾ ਹੀ ਖਜ਼ਾਨਾ ਨਹੀਂ ਸਗੋਂ ਇਸ ਦੀ ਤਿਆਰੀ, ਸੰਪਾਦਨਾ, ਸੰਪੂਰਨਤਾ, ਗੁਰਿਆਈ ਪਦਵੀ ਗ੍ਰਹਿਣ ਕਰਨ ਦਾ ਇਕ ਪ੍ਰਮਾਣੀਕ ਤੇ ਨਿਵੇਕਲਾ ਇਤਿਹਾਸ ਵੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਦਾ ਮੁੱਢ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ‘ਧੁਰ ਕੀ ਬਾਣੀ’ ਦੇ ਪ੍ਰਗਟ ਹੋਣ ਨਾਲ ਬੱਝਦਾ ਹੈ ਜਿਹੜਾ ਇਤਿਹਾਸ ਵਿਚ ਵੱਖ-ਵੱਖ ਪੜਾਅ ਤਹਿ ਕਰਦਾ ਹੋਇਆ ਗੁਰੂ ਨਾਨਕ ਜੋਤ ਦੁਆਰਾ 1708 ਈ: ਵਿਚ ਸੰਪੂਰਨ ਹੁੰਦਾ ਹੈ।
ਉਹਨਾਂ ਨੇ ਅੱਗੇ ਦੱਸਿਆ ਕਿ ਸਿੱਖ ਇਤਿਹਾਸ ਵਿਚ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਇਕ ਲੰਬੀ ਪਰੰਪਰਾ ਮਿਲਦੀ ਹੈ ਜਿਸ ਦੀ ਸ਼ੁਰੂਆਤ 1604 ਈ. ਵਿਚ ਸੰਕਲਨ ਹੋਏ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਪਹਿਲੇ ਸਰੂਪ ਤੋਂ ਬਾਅਦ ਭਾਵ 17ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਹੋ ਗਈ ਸੀ। ਬੀੜਾਂ ਲਿਖਣ ਦੇ ਇਤਿਹਾਸ ਤੋਂ ਗੁਰਮੁਖੀ ਲਿਪੀ ਦੀ ਲਿਖਤ ਦੇ ਵੱਖ-ਵੱਖ ਸਮਿਆਂ ਵਿਚ ਹੋਏ ਵਿਕਾਸ ਦੀਆਂ ਪਰਤਾਂ ਨੂੰ ਸਮਝਣ ਵਿਚ ਵੀ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਗੁਰਬਾਣੀ ਨੂੰ ਲਿਖਣ ਸਮੇਂ ਵਰਤੀ ਜਾਂਦੀ ਸਾਵਧਾਨੀ ਤੇ ਸ਼ਰਧਾ ਦਾ ਆਪਣਾ ਇੱਕ ਵੱਖਰਾ ਰੌਚਕ ਇਤਿਹਾਸ ਹੈ।
ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਬੀੜਾਂ ਲਿਖਣ ਦੇ ਇਤਿਹਾਸ ਵਿਚ ਉਹ ਸੁਨਹਿਰੀ ਦੌਰ ਵੀ ਆਇਆ ਜਦੋਂ ਇਹਨਾਂ ਹੱਥ-ਲਿਖਤ ਬੀੜਾਂ ਵਿਚ ਬਹੁਤ ਹੀ ਸੁੰਦਰ ਕਲਾਕਾਰੀ ਕੀਤੀ ਜਾਣ ਲੱਗੀ। ਬੀੜ ਲਿਖਣ ਸਮੇਂ ਕਿਵੇਂ ਹਾਸ਼ੀਏ ਵਿਚ ਰੰਗਦਾਰ ਬੇਲ-ਬੂਟੀਆਂ ਤੇ ਹੋਰ ਅਨੇਕਾਂ ਕਿਸਮਾਂ ਦੇ ਅਕਾਰ ਜਿਵੇਂ ਆਇਤਾਕਾਰ, ਵਰਗਾਕਾਰ, ਅਸਟਭੁਜੀ, ਚੱਕਰ, ਗੁਬੰਦਨੁਮਾ ਚਿਤਰਕਾਰੀ ਆਦਿ ਕਲਾ ਦੇ ਰੂਪਾਂ ਨੂੰ ਚਿਤਰਿਆ ਗਿਆ ਹੈ, ਉਸ ਬਾਰੇ ਅਜੇ ਤੱਕ ਬਹੁਤ ਘੱਟ ਚਰਚਾ ਹੋਈ ਹੈ। ਇਸ ਵਿਸ਼ੇ ਬਾਰੇ ਜਾਣਕਾਰੀ ਵੀ ਬਹੁਤ ਸੀਮਤ ਰਹੀ ਹੈ। ਜਿਸ ਦਾ ਇਕ ਕਾਰਣ ਹੱਥ-ਲਿਖਤ ਬੀੜਾਂ ਤੱਕ ਪਹੁੰਚ ਬਹੁਤ ਔਖਾ ਤੇ ਕਠਿਨ ਕਾਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਪੁਰਾਤਨ ਹੱਥ-ਲਿਖਤ ਬੀੜਾਂ ਦੀ ਸੰਭਾਲ ਕਰਨ ਲਈ ਇਹਨਾਂ ਨੂੰ ਡਿਜ਼ੀਟਲਾਇਜ਼ਡ ਕਰਨ ਦੇ ਪ੍ਰੋਜੈਕਟ ਅਧੀਨ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ, ਨੇਪਾਲ, ਰਾਜਸਥਾਨ, ਮੱਧ-ਪ੍ਰਦੇਸ਼, ਮਹਾਰਾਸ਼ਟਰਾ ਆਦਿ ਪ੍ਰਾਂਤਾਂ ਵਿਖੇ ਪਹੁੰਚ ਕਰਕੇ ਬਹੁਤ ਸਾਰੇ ਹੱਥ ਲਿਖਤ ਖਰੜਿਆਂ ਨੂੰ ਡਿਜ਼ੀਟਲਾਇਜ਼ਡ ਕੀਤਾ ਗਿਆ ਹੈ। ਇਹਨਾਂ ਵਿਚ ਰੰਗਦਾਰ ਬੇਲ-ਬੂਟੀਆਂ ਦੇ ਹੋਏ ਬੇਨਿਆਜ਼ ਕੰਮ ਨੂੰ ਵਿਦਵਾਨਾਂ ਤੇ ਆਮ ਲੋਕਾਂ ਨਾਲ ਸਾਂਝਾਂ ਕਰਨ ਦੇ ਉਦੇਸ਼ ਅਧੀਨ ਇਹ ਪ੍ਰਦਰਸ਼ਨੀ ਲਗਾਈ ਗਈ ਹੈ।
ਇਸ ਪ੍ਰਦਰਸ਼ਨੀ ਨੂੰ ਵੇਖਣ ਵਾਲੇ ਸ੍ਰੀ ਗੁਰ ਗ੍ਰੰਥ ਸਾਹਿਬ ਦੇ ਇਸ ਗੁਹਝ ਤੇ ਅਨਮੋਲ ਖਜ਼ਾਨੇ ਤੋਂ ਭਰਪੂਰ ਲਾਭ ਉਠਾਉਣਗੇ।