ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ਤੇ ਜਨਰਲ) ਤੇ ਹੋਰਨਾ ਅਧਿਕਾਰੀਆਂ ਵਲੋਂ ਲਗਾਏ ਗਏ ਬੂਟੇ
ਅਮਰੀਕ ਸਿੰਘ
ਗੁਰਦਾਸਪੁਰ, 5 ਜੂਨ
ਹਵਾ, ਮਿੱਟੀ, ਪਾਣੀ ਤੇ ਆਵਾਜ਼ ਪ੍ਰਦੂਸ਼ਣ ਦੇ ਖਿਲਾਫ ਪੂਰੇ ਵਿਸ਼ਵ ਵਿਚ 5 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿਚ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਥੇ ਵਾਤਾਵਰਣ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਦਾ ਸੰਦੇਸ਼ ਦਿੰਦੇ ਹੋਏ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜਨਰਲ) ਤੇ ਹੋਰਨਾਂ ਅਧਿਕਾਰੀਆਂ ਵਲੋਂ ‘ਹਰ ਮਨੁੱਖ ਲਾਵੇ ਇੱਕ ਰੁਖ’ ਦੇ ਨਆਰੇ ਤਹਿਤ ਬੂਟੇ ਲਗਾਏ ਗਏ। ਇਸ ਮੌਕੇ ਅੰਜਨ ਸਿੰਘ ਵਣ ਮੰਡਲ ਅਫਸਰ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਲਖਵਿੰਦਰ ਸਿੰਘ ਉਪ ਜਿਲਾ ਸਿੱਖਿਆ ਅਫਸਰ (ਸ), ਸੁਖਪਾਲ ਸਿੰਘ ਜਿਲਾ ਮੈਨੇਜਰ ਉਦਯੋਗ ਵਿਭਾਗ, ਰਜੇਸ਼ ਕੁਮਾਰ ਐਕਸੀਅਨ ਪ੍ਰਦੂਸ਼ਨ ਕੰਟਰੋਲ ਬੋਰਡ, ਗੁਰਜੀਤ ਸਿੰਘ ਬੀਡੀਪੀਓ, ਬਾਬਾ ਆਇਆ ਸਿੰਘ ਕਾਲਜ ਤੇ ਪਬਲਿਕ ਸਕੂਲ ਰਿਆੜਕੀ ਤੁਗਲਵਾਲ ਦੇ ਵਿਦਿਆਰਥੀਆਂ ਤੇ ਐਮ.ਡੀ ਗਗਨਦੀਪ ਸਿੰਘ ਵਿਰਕ ਆਦਿ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਅਨਦੀਪ ਕੋਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਅੱਜ ਜਿਲਾ ਪੱਧਰ ਤੇ ਵਾਤਾਵਰਣ ਦਿਵਸ ਮਨਾਇਆ ਗਿਆ ਹੈ। ਉਨਾਂ ਕਿਹਾ ਕਿ ਵਾਤਾਵਰਨ ਦੀ ਸਮੱਸਿਆ ਦਿਨੋ ਦਿਨ ਗੰਭੀਰ ਰੁਖ ਅਖਤਿਆਰ ਕਰਦੀ ਜਾ ਰਹੀ ਹੈ, ਜਿਸ ਲਈ ਸਾਰਿਆਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਉਨਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਮਨੁੱਖ ਕੋਲ ਰਹਿਣ ਲਈ ਸਿਰਫ ਇੱਕ ਧਰਤੀ ਹੈ ਪਰ ਮਨੁੱਖ ਦੇ ਵਾਤਾਵਰਨ ਪ੍ਰਤੀ ਗੈਰ ਜਿੰਮੇਵਾਰਨਾ ਰੁਖ਼ ਕਾਰਨ ਕੁਦਰਤ ਦੀਆਂ ਜੀਵਨ ਜਿਉਣ ਲਈ ਬੁਨਿਆਦੀ ਨਿਆਂਮਤਾਂ ਜਿਵੇਂ ਪਾਣੀ, ਹਵਾ ਤੇ ਮਿੱਟੀ, ਪਲੀਤ ਅਤੇ ਗੰਦਲੀਆਂ ਹੁੰਦੀਆਂ ਜਾ ਰਹੀਆਂ ਹਨ, ਜਿਸ ਨੂੰ ਬਚਾਉਣ ਦੀ ਸਖਤ ਲੋੜ ਹੈ। ਉਨਾਂ ਦੱਸਿਆ ਕਿ ਇਸੇ ਤਹਿਤ ਅੱਜ ਪੂਰੇ ਵਿਸ਼ਵ ਵਿਚ ਵਾਤਾਵਰਣ ਦਿਵਸ ਮਨਾਇਆ ਗਿਆ ਹੈ ਤੇ ਜਿਲਾ ਪ੍ਰਸ਼ਾਸਨ ਵਲੋਂ ਵੀ ਜ਼ਿਲ੍ਹੇ ਅੰਦਰ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲੇ ਅੰਦਰ ‘ਪਾਣੀ ਦੇ ਰਾਖੇ’ ਮੁਹਿੰਮ ਚਲਾਈ ਜਾ ਰਹੀ ਹੈ ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕੂੜਾ ਡਸਟਬੀਨਾਂ ਵਿਚ ਹੀ ਪਾਇਆ ਜਾਵੇ ਅਤੇ ਕੂੜੇ ਆਦਿ ਨੂੰ ਗਲੀਆਂ ਜਾਂ ਸੜਕਾਂ ਵਿਚ ਨਾ ਸੁੱਟਿਆ ਜਾਵੇ ਅਥੇ ਜਿਲੇ ਨੂੰ ਸੁੰਦਰ ਬਣਾਉਣ ਲਈ ਰਲ ਕੇ ਹੰਭਲਾ ਮਾਰਿਆ ਜਾਵੇ।
ਇਸ ਤੋਂ ਪਹਿਲਾਂ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਨਲਾਈਨ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਲੋਂ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ।