ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਧੂ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨਜ਼, ਲੰਡਨ ਦੇ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਸਪੋਰਟਸ ਮੈਡੀਸਨ ਦੇ ਪਹਿਲੇ ਭਾਰਤੀ ਬਣੇਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 19 ਜਨਵਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੂੰ ਸਪੋਰਟਸ ਮੈਡੀਸਨ ਦੇ ਖੇਤਰ ਵਿੱਚ ਪਾਏ ਗਏ ਅਹਿਮ ਯੋਗਦਾਨ ਨੂੰ ਧਿਆਨ ਵਿਚ ਰਖਦਿਆਂ ਹੋਇਆ ਲੰਡਨ ਦੇ ਵੱਕਾਰੀ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨਜ਼ ਵੱਲੋਂ ਉਨ੍ਹਾਂ ਨੂੰ ਸਨਮਾਨ ਵਜੋਂ ਫੈਲਸ਼ਿਪ ਦੇ ਕੇ ਨਿਵਾਜਿਆ ਗਿਆ ਹੈ। ਸਪੋਰਟਸ ਮੈਡੀਸਨ ਦੇ ਖੇਤਰ ਿਵਚ ਪ੍ਰੋ. ਸੰਧੂ ਪਹਿਲੇ ਭਾਰਤੀ ਸਿੱਖ ਹਨ ਜਿਨ੍ਹਾਂ ਨੂੰ ਇਹ ਫੈਲਸ਼ਿਪ ਪ੍ਰਦਾਨ ਕੀਤੀ ਗਈ ਹੈ। ਕਿੰਗ ਹੈਨਰੀ ਅੱਠਵੇਂ ਦੇ ਰਾਇਲ ਚਾਰਟਰ ਵੱਲੋਂ 1518 ਵਿੱਚ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ ਦੀ ਸਥਾਪਨਾ ਕੀਤੀ ਗਈ ਸੀ। ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ ਸਭ ਤੋਂ ਪੁਰਾਣਾ ਕਾਲਜ ਹੈ ਜੋ ਸਿਖਿਆ ਮਿਆਰਾਂ ਨੂੰ ਉੱਚਾ ਚੁੱਕਣ ਅਤੇ ਜਨਤਕ ਸਿਹਤ ਦੀ ਬਿਹਤਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ।ਪ੍ਰੋ. ਸੰਧੂ ਨੇ ਨੇ 1994 ਵਿੱਚ ਯੂਨੀਵਰਸਿਟੀ ਵਿੱਚ ਸਪੋਰਟਸ ਮੈਡੀਸਨ ਅਤੇ ਸਪੋਰਟਸ ਸਾਇੰਸਜ਼ ਨੂੰ ਇੱਕ ਅਨੁਸ਼ਾਸਨ ਵਜੋਂ ਸਫਲਤਾਪੂਰਵਕ ਪੇਸ਼ ਕੀਤਾ ਸੀ ਜਿਸ ਨੂੰ ਬਾਅਦ ਭਾਰਤ ਦੇ ਮੈਡੀਕਲ ਕਮਿਸ਼ਨ ਰਾਹੀਂ ਇੱਕ ਸੁਤੰਤਰ ਅਨੁਸ਼ਾਸਨ ਬਣਾ ਦਿੱਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ 2004 ਵਿੱਚ ਉਨ੍ਹਾਂ ਵੱਲੋਂ ਸਥਾਪਿਤ ਸਪੋਰਟਸ ਮੈਡੀਸਨ ਵਿਭਾਗ ਸਪੋਰਟਸ ਮੈਡੀਸਨ ਦਾ ਇੱਕ ਉੱਤਮ ਉਦਾਹਰਣ ਬਣ ਗਿਆ ਸੀ। ਜਿਸ ਨੂੰ ਹੁਣ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਭਾਰਤ ਸਰਕਾਰ ਵੱਲੋਂ ਖੇਡ ਵਿਗਿਆਨ ਵਿੱਚ ਸਿੱਖਿਆ ਲਈ ਇੱਕ ਗੋਲਡ ਸਟੈਂਡਰਡ ਵਜੋਂ ਫੰਡ ਮੁਹਈਆ ਕਰਵਾ ਕੇ ਮਾਨਤਾ ਦੇ ਦਿੱਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇਕ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀਆਂ 6 ਹੋਰ ਯੂਨੀਵਰਸਿਟੀਆਂ ਵੀ ਇਸ ਨੂੰ ਅਪਣਾ ਰਹੀਆਂ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰੋ. ਸੰਧੂ ਨੇ ਸਪੋਰਟਸ ਮੈਡੀਸਨ ਵਿੱਚ ਐਮਡੀ, ਸਪੋਰਟਸ ਫਿਜ਼ੀਓਥੈਰੇਪੀ ਵਿੱਚ ਮਾਸਟਰ, ਸਪੋਰਟਸ ਨਿਊਟ੍ਰੀਸ਼ਨ ਵਿੱਚ ਮਾਸਟਰ ਅਤੇ ਸਪੋਰਟਸ ਮਨੋਵਿਗਿਆਨ ਵਿੱਚ ਮਾਸਟਰਜ਼ ਆਦਿ ਵਰਗੇ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕਰਕੇ ਖੇਡ ਅਤੇ ਮੈਡੀਸਨ ਖੇਤਰ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਉਹ ਸਮੇਂ ਸਮੇਂ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੂੰ ਖੇਡ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਬਾਰੇ ਸਲਾਹ ਵੀ ਦਿੰਦੇ ਰਹਿੰਦੇ ਹਨ ਜਿਸ ਨਾਲ ਰਾਸ਼ਟਰੀ ਸੰਸਥਾਵਾਂ ਦੀ ਸਥਾਪਨਾਵਾਂ ਅਤੇ ਅਪਗਰੇਡੇਸ਼ਨ ਵਿਚ ਭਰਪੂਰ ਮਦਦ ਮਿਲਦੀ ਹੈ। ਰਾਇਲ ਕਾਲਜ ਆਫ਼ ਫਿਜ਼ੀਸ਼ੀਅਨਜ਼, ਲੰਡਨ ਵੱਲੋਂ ਫੈਲੋਸ਼ਿਪ ਪ੍ਰਦਾਨ ਕਰਨ ਦਾ ਫੈਸਲਾ ਮੈਡੀਕਲ ਪੇਸ਼ੇ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਬਦੌਲਤ ਹੈ। ਡਾ. ਸੰਧੂ ਨੂੰ ਦੇਸ਼ ਵਿੱਚ ਸਪੋਰਟਸ ਮੈਡੀਸਨ ਦੇ ਪਹਿਲੇ ਪ੍ਰੋਫੈਸਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਕੱਤਰ ਵਜੋਂ ਦੇਸ਼ ਵਿੱਚ ਪਹਿਲੇ ਪੰਜਾਬੀ ਹੋਣ ਦੇ ਮਾਣ ਪ੍ਰਾਪਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਪ੍ਰਾਪਤੀਆਂ ਸਦਕਾ ਉਨ੍ਹਾਂ ਦਾ ਨਾਂ ਉਭਰ ਕੇ ਸਾਹਮਣੇ ਆਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਵੱਲੋਂ 3.85/4.00 ਸਕੋਰ ਨਾਲ ਏ++ ਗਰੇਡ ਪ੍ਰਦਾਨ ਕਰਕੇ ਆਹਲਾ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ, ਦੇ ਮਗਰ ਵੀ ਪ੍ਰੋ. ਸੰਧੂ ਦੀ ਯੋਗ ਅਗਵਾਈ, ਮਿਹਨਤ ਅਤੇ ਦ੍ਰਿੜ ਸੰਕਲਪ ਦਾ ਦਾ ਨਤੀਜਾ ਹੀ ਹੈ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀਆਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮੁੱਚੇ ਭਾਈਚਾਰੇ ਵੱਲੋਂ ਪ੍ਰੋ: ਸੰਧੂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।