ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੱਯਦ ਵਾਰਿਸ ਸ਼ਾਹ ਦੀ 300ਵੀਂ ਜਨਮ ਵਰ੍ਹੇਗੰਢ ਅਮਰੀਕ ਸਿੰਘ ਅੰਮ੍ਰਿਤਸਰ , 1 ਅਕਤੂਬਰ -ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 03 ਅਕਤੂਬਰ , 2022 ਨੂੰ ਦਸ਼ਮੇਸ਼ ਆਡੀਟੋਰੀਅਮ ਵਿਚ ਬਾਅਦ ਦੁਪਹਿਰ 01:00 ਵਜੇ ਤੋਂ 05:00 ਵਜੇ ਤੱਕ ਪੰਜਾਬੀ ਦੇ ਮਹਾਨ ਕਵੀ ਵਾਰਿਸ ਸ਼ਾਹ ਜੀ ਦੀ 300ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸਮਾਗਮ ਵਿਚ ਹੀਰ ਵਾਰਿਸ ਸ਼ਾਹ ਦਾ ਗਾਇਨ ਅਤੇ ਹੀਰ ਵਾਰਿਸ ਸਬੰਧੀ ਵਿਚਾਰ ਚਰਚਾ ਹੋਵੇਗੀ । ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋਫ਼ੈਸਰ ਅਨੀਸ਼ ਕੁਮਾਰ ਦੂਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਹੀ ਸਾਹਿਤ ਅਤੇ ਸਭਿਆਚਾਰ ਦੀ ਸੇਵਾ ਲਈ ਤਤਪਰ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ - ਕੁਲਪਤੀ ਪ੍ਰੋ . ( ਡਾ ) . ਜਸਪਾਲ ਸਿੰਘ ਸੰਧੂ ਜੀ ਦੀ ਪ੍ਰੇਰਨਾ ਸਦਕਾ ਸੁਖ਼ਨ ਦੇ ਵਾਰਿਸ , ਸੱਯਦ ਵਾਰਿਸ ਸ਼ਾਹ ਦੀ 300ਵੀਂ ਜਨਮ ਵਰ੍ਹੇਗੰਢ ਤੇ ਇਹ ਵਿਸ਼ਾਲ ਸਮਾਗਮ ਵੀ ਇਸੇ ਭਾਵਨਾ ਦੇ ਤਹਿਤ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸੰਗੀਤ ਕਲੱਬ ਦੇ ਵਿਦਿਆਰਥੀਆਂ ਅਤੇ ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਵਾਰਿਸ ਸ਼ਾਹ ਦੀ ਇਸ ਜਨਮ ਵਰ੍ਹੇਗੰਢ ਮੌਕੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਸ੍ਰੀ ਜਤਿੰਦਰ ਬਰਾੜ ਮੁੱਖ ਮਹਿਮਾਨ ਹੋਣਗੇ । ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਪਦਮ ਸ੍ਰੀ ਸੁਰਜੀਤ ਪਾਤਰ ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਕੱਤਰ ਡਾ . ਲਖਵਿੰਦਰ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਪੁੱਜ ਰਹੇ ਹਨ । ਪੰਜਾਬੀ ਦੇ ਉੱਘੇ ਵਿਦਵਾਨ ਡਾ . ਸੁਮੇਲ ਸਿੰਘ ਸਿੱਧੂ ਸੱਯਦ ਵਾਰਿਸ ਸ਼ਾਹ “ ਸਦਾ - ਏ - ਵਾਰਿਸ : ਹੀਰ ” ਦੇ ਇਸ ਸਮਾਗਮ ਵਿਚ ਪ੍ਰਮੁੱਖ ਵਕਤਾ ਵਜੋਂ ਸ਼ਿਰਕਤ ਕਰਨਗੇ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਮੌਕੇ ਪਦਮ ਸ਼੍ਰੀ ਡਾ . ਸੁਰਜੀਤ ਪਾਤਰ ਜੀ ਨੂੰ ਉਹਨਾਂ ਦੀਆਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਬਾ ਕਮਾਲ ਲਿਖ਼ਤਾਂ ਸਦਕਾ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕਰੇਗੀ । ਇਸ ਮੌਕੇ ਵੱਖ - ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਹੀਰ ਵਾਰਿਸ ਸ਼ਾਹ ਦਾ ਗਾਇਨ ਕੀਤਾ ਜਾਵੇਗਾ । ਇਹ ਪੇਸ਼ਕਾਰੀਆਂ ਇਸ ਸਮਾਗਮ ਵਿਚ ਖੂਬਸੂਰਤ ਰੰਗ ਭਰਨਗੀਆਂ । ਉਨ੍ਹਾਂ ਇਹ ਵੀ ਦੱਸਿਆ ਕਿ ਵਾਰਿਸ ਸ਼ਾਹ ਦੀ 300 ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਸ ਸਮਾਗਮ ਵਿਚ ਗਾਇਨ ਕਰਨ ਵਾਲੀਆਂ ਟੀਮਾਂ ਨੂੰ ਸਨਮਾਨ ਪੱਤਰ ਵੀ ਦਿੱਤੇ ਜਾਣਗੇ । ਇਸ ਮੌਕੇ ਪ੍ਰੋਫੈਸਰ ਅਨੀਸ਼ ਕੁਮਾਰ ਦੂਆ ਨੇ ਸੱਯਦ ਵਾਰਿਸ਼ ਸ਼ਾਹ ਦੀ ਹੀਰ ਨੂੰ ਪਸੰਦ ਕਰਨ ਵਾਲਿਆਂ ਨੂੰ ਇਸ ਵਰ੍ਹੇਗੰਢ ਸਮਾਗਮ ਵਿਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ ।