ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਸਟਲ `ਚ ਲਾਇਆ ਤੀਆਂ ਦਾ ਮੇਲਾAMRIK SINGHਅੰਮ੍ਰਿਤਸਰ, 18 ਅਗਸਤ - ਪੰਜਾਬੀ ਸਭਿਆਚਾਰ ਵਿਚ ਸਾਂਝ ਦਾ ਪ੍ਰਤੀਕ ਤਿਉਹਾਰ `ਤੀਆਂ` ਦਾ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਤਾ ਨਾਨਕੀ ਗਰਲਜ਼ ਹੋਸਟਲ ਦੇ ਵਿਹੜੇ ਵਿਚ ਲਗਾਇਆ ਗਿਆ। ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਕੁਮਾਰ ਦੂਆ ਦੇ ਸਹਿਯੋਗ ਨਾਲ ਕਰਵਾਏ ਇਸ ਤੀਆਂ ਦੇ ਮੇਲੇ `ਚ ਹੋਸਟਲ ਨੰ. 1,2,3 ਅਤੇ 4 ਦੀਆਂ ਵਿਦਿਆਰਥਣਾਂ ਨੇ ਸਮੂਹਿਕ ਰੂਪ ਵਿੱਚ ਗਿੱਧੇ ਤੇ ਬੋਲੀਆਂ ਦੇ ਰਾਹੀਂ ਆਪਣੇ ਮਨੋਭਾਵਾਂ ਦੀ ਪੇਸ਼ਕਾਰੀ ਕੀਤੀ।ਇਸ ਸਮੇਂ ਸਮੂਹ ਹੋਸਟਲ ਦੇ ਵਾਰਡਨ ਸਾਹਿਬਾਨ ਡਾ. ਨਿਰਮਲਾ ਦੇਵੀ , ਡਾ. ਹਰਿੰਦਰ ਸੋਹਲ ਡਾ. ਸੁਖਰਾਜ ਕੌਰ, ਡਾ. ਪੂਜਾ ਚੱਢ੍ਹਾ, ਸਮੂਹ ਸਹਾਇਕ ਵਾਰਡਨਜ਼ ਤੇ ਹੋਸਟਲ ਦਾ ਸਮੂਹ ਸਟਾਫ਼ ਮੌਜੂਦ ਸੀ। ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿਚ ਇਸ ਤਿਉਹਾਰ ਦਾ ਲੁਤਫ਼ ਉਠਾਇਆ। ਇਸ ਪ੍ਰੋਗਰਾਮ ਵਿਚ ਹੋਸਟਲ ਨੰ.2 ਦੀ ਵਿਦਿਆਰਥਣ ਸੀਮਾ ਕੁਮਾਰੀ ਨੇ ਧੀ ਤੇ ਪਿਉ ਦੇ ਨਾਜੁਕ ਰਿਸ਼ਤੇ ਸਬੰਧੀ ਗੀਤ ਸੁਣਾ ਕੇ ਸਭਨਾਂ ਨੂੰ ਭਾਵੁਕ ਕਰ ਦਿੱਤਾ।ਹੋਸਟਲ ਨੰ.2 ਦੇ ਵਾਰਡਨ ਡਾ. ਹਰਿੰਦਰ ਸੋਹਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਲਈ ਹੀ ਹੁੰਦਾ ਹੈ। ਸੋ ਇਹ ਵਿਦਿਆਰਥਣਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਧੀਆਂ ਹਨ ਤੇ ਇਹਨਾਂ ਦੀਆਂ ਸੱਧਰਾਂ ਨੂੰ ਪੂਰਾ ਕਰਨਾ ਸਾਡਾ ਫ਼ਰਜ਼ ਹੈ। ਅਜਿਹੇ ਤਿਉਹਾਰਾਂ ਨੂੰ ਮਨਾਉਣ ਲਈ ਸਹਿਯੋਗ ਅਤੇ ਅਗਵਾਈ ਲਈ ਉਨ੍ਹਾਂ ਅਧਿਕਾਰੀਆਂ ਦਾ ਧੰਨਵਾਦ ਕੀਤਾ।