ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਯੁਵਕ ਮੇਲਿਆਂ ਦਾ ਆਰੰਭਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਸ਼ੁਰੂਅਮਰੀਕ ਸਿੰਘ ਅੰਮ੍ਰਿਤਸਰ, 06 ਅਕਤੂਬਰ, - ਵਿਦਿਆਰਥੀਆਂ ਦੇ ਦਿਲਾਂ ਦੀ ਧੜਕਨ ਯੁਵਕ ਮੇਲਿਆਂ ਦੀ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂਆਤ ਹੋ ਗਈ ਜੋ 21 ਨਵੰਬਰ ਤਕ ਚਲਣਗੇ। ਇਸ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ ਆਦਿ ਦੇ ਕਾਲਜਾਂ ਦੇ ਕਲਾਕਾਰ ਵਿਦਿਆਰਥੀਆਂ ਦੀ ਕਲਾ ਸਿਰ ਚੜ੍ਹ ਕੇ ਬੋਲੇਗੀ। ਵਿਦਿਆਰਥੀ ਜੀਵਨ ਵਿਚ ਕਲਾ ਦਾ ਰੰਗ ਭਰਨ ਵਾਲੇ ਯੁਵਕ ਮੇਲੇ ਦਾ ਅੱਜ ਦੇ ਪਹਿਲੇ ਦਿਨ ਦਾ ਨਜ਼ਾਰਾ ਵੀ ਵੇਖਣ ਵਾਲਾ ਸੀ ਜਦੋਂ ਵਿਦਿਆਰਥੀ ਮੁਟਿਆਰਾਂ ਨੇ ਸਟੇਜ `ਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਤਾਂ ਦਸਮੇਸ਼ ਆਡੀਟੋਰੀਅਮ ਦੇ ਖਚਾਖਚ ਭਰੇ ਹਾਲ ਵਿਚ ਵਿਦਿਆਰਥੀ ਝੂਮਰ ਪਾ ਰਹੇ ਸਨ। ਚਿਰਾਂ ਤੋਂ ਉਡੇਕੇ ਜਾ ਰਹੇ ਇਸ ਯੁਵਕ ਮੇਲੇ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਦੇ ਡੀਨ ਅਤੇ ਯੁਵਕ ਮਾਮਲਿਆਂ ਦੇ ਇੰਚਾਰਜ ਪ੍ਰੋ. ਅਨੀਸ਼ ਦੂਆ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੁਵਕ ਮੇਲੇ ਦੇ ਉਦਘਾਟਨ ਮੌਕੇ ਯੁਵਕ ਮੇਲਿਆਂ ਦੀ ਵਿਦਿਆਰਥੀਆਂ ਦੇ ਜੀਵਨ ਵਿਚ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਚਰਦਿਆਂ ਅਤੇ ਇਸ ਦੇ ਖੋਜ, ਸਿਖਿਆ ਅਤੇ ਕਲਾ ਭਰਪੂਰ ਵਾਤਾਵਰਣ ਦਾ ਆਨੰਦ ਮਾਣਦਿਆਂ ਭਾਵੇਂ ਸਾਨੂੰ ਅੱਜ ਬਹੁਤ ਕੁੱਝ ਪਤਾ ਨਾ ਲੱਗੇ ਪਰ ਜਦੋਂ ਅਸੀਂ ਇਸ ਮਾਹੌਲ ਨੂੰ ਛੱਡ ਕਿਸੇ ਹੋਰ ਅਦਾਰੇ ਜਾਂ ਹੋਰ ਵਾਤਾਵਰਣ ਵਿਚ ਜਾਵਾਂਗੇ ਤਾਂ ਸਾਨੂੰ ਯੂਨੀਵਰਸਿਟੀ ਦੇ ਦਿਨ ਜ਼ਿੰਦਗੀ ਸੋਹਣੀ ਅਤੇ ਭਰਪੂਰਤਾ ਭਰੀ ਹੋਣ ਦਾ ਅਹਿਸਾਸ ਦਿਵਾਉਣਗੇ।ਇਸ ਤੋਂ ਪਹਿਲਾਂ ਇਥੇ ਪੁੱਜਣ `ਤੇ ਯੁਵਕ ਮੇਲੇ ਦੇ ਕਨਵੀਨਰ, ਡਾ. ਤੇਜਵੰਤ ਸਿੰਘ ਕੰਗ ਨੇ ਪ੍ਰੋ. ਅਨੀਸ਼ ਦੂਆ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਪ੍ਰੋ. ਦੂਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਖ ਵੱਖ ਖੇਤਰਾਂ ਵਿਚ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਤੋਂ ਇਲਾਵਾ ਪੜ੍ਹਾਈ ਦੇ ਲਈ ਕੈੈਂਪਸ ਵਿਚ ਇਕ ਚੰਗਾ ਮਾਹੌਲ ਬਣਾ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਹੈ ਇਸ ਦੇ ਬਾਵਜੂਦ ਵੀ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿਚ ਦਸਮੇਸ਼ ਆਡੀਟੋਰੀਅਮ ਵਿਚ ਪੁੱਜ ਕੇ ਯੁਵਕ ਮੇਲੇ ਦੇ ਆਨੰਦ ਲੈਣਾ ਵਿਦਿਆਰਥੀਆਂ ਦੀ ਕਲਾ ਅਤੇ ਉਸਾਰੀ ਗਤੀਵਿਧੀਆਂ ਨਾਲ ਜੁੜੇ ਹੋਣ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੋ ਮਹੀਨੇ ਚੱਲਣ ਵਾਲੇ ਇਨ੍ਹਾਂ ਯੁਵਕ ਮੇਲਿਆਂ ਦਾ ਭਰਪੂਰ ਆਨੰਦ ਲੈਣ। ਇਸ ਮੌਕੇ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ, ਬਾਕੀ ਅਧਿਆਪਕ ਸਾਹਿਬਾਨ, ਵਿਦਿਆਰਥੀ ਇੰਚਾਰਜ, ਕੋਚ ਅਤੇ ਹੋਰ ਅਮਲਾ ਮੌਜੂਦ ਸੀ।ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਯੁਵਕ ਮੇਲੇ ਦੀ ਸ਼ੁਰੂਆਤ ਪੁਰਾਤਨ ਸਿੱਖ ਸਾਜ਼ ਜੋੜੀ ਦੀ ਗੰਭੀਰ ਤਾਲਆਤਮਕ ਲੈਅ ਵਿਚ ਸ਼ੁਰੂ ਹੋਏ ਸਮੂਹ ਸ਼ਬਦ/ਭਜਨ ਗਾਇਨ ਨਾਲ ਹੋਈ। ਜਿਸ ਤੋਂ ਬਾਅਦ ਸਮੂਹ ਗੀਤ (ਭਾਰਤੀ) ਅਤੇ ਗਿੱਧੇ ਦੇ ਮੁਕਾਬਲੇ ਹੋਏ। ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਗੀਤ/ਗਜ਼ਲ ਤੇ ਲੋਕ ਗੀਤ ਅਤੇ ਆਰਕੀਟੈਕਚਰ ਸਟੇਜ `ਤੇ ਪੇਂਟਿੰਗ ਆਨ ਦੀ ਸਪਾਟ, ਕਾਰਟੂਨਿੰਗ, ਕੋਲਾਜ਼, ਸਕੈਚਿੰਗ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਸਲੋਗਨ ਰਾਈਟਿੰਗ, ਪੇਂਟਿੰਗ ਸਟਿਲ ਲਾਈਫ ਅਤੇ ਕਾਨਫਰੰਸ ਹਾਲ ਵਿਚ ਕੁਇਜ਼ ਦੇ ਮੁਕਾਬਲੇ ਕਰਵਾਏ ਗਏ।ਭਲਕੇ 7 ਅਕਤੂਬਰ ਨੂੰ ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਵਿਚ ਪੋਇਟੀਕਲ ਸਿੰਪੋਜ਼ੀਅਮ ਇਲੋਕਿਊਸ਼ਨ ਅਤੇ ਡੀਬੇਟ ਦੇ ਮੁਕਾਬਲੇ ਹੋਣਗੇ।