ਗੁਟਕਾ ਸਾਹਿਬ ਤੋਂ ਪਾਠ ਕਰਨਾ ਅਤੇ ਪੁਸਤਕਾਂ ਤੋਂ ਸਾਹਿਤਕ, ਇਤਿਹਾਸ ਪੜ੍ਹਣ ਨਾਲ ਖੂਬ ਆਨੰਦ ਆਉਂਦਾ ਹੈ, ਜੋ ਕਿ ਟੈਬ, ਮੋਬਾਇਲ ਤੋਂ ਪੜ੍ਹਿਆ ਨਹੀਂ ਮਿਲਦਾ: ਅਕਾਲ ਤਖ਼ਤ ਸਾਹਿਬ ਗੁਰਸ਼ਰਨ ਸਿੰਘ ਸੰਧੂਅੰਮ੍ਰਿਤਸਰ 14 ਫਰਵਰੀ ਸਾਲ ਖ਼ਾਲਸਾ ਕਾਲਜ ਵਿਖੇ ਸਾਲਾਨਾ ਪੁਸਤਕ ਮੇਲੇ ਦੌਰਾਨ ਇਕ ਕਰੋੜ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਣਾ ਇਵੇਂ ਮਹਿਸੂਸ ਕਰਵਾਉਂਦਾ ਹੈ ਜਿਵੇਂ ਤੱਪਦੀ ਗਰਮੀ ’ਚ ਠੰਡੀ ਹਵਾ ਦਾ ਬੁੱਲ੍ਹਾ ਵੱਗਦਾ ਹੋਵੇ। ਸ਼ੁੱਕਰ ਹੈ ਸਾਡੇ ਪੰਜਾਬ ਦੇ ਨੌਜਵਾਨ ਫ਼ਿਰ ਆਪਣੇ ਸਾਹਿਤ, ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਨੂੰ ਜਾਣਨ ਲਈ ਕਿਤਾਬਾਂ ਪੜ੍ਹਣ ਦਾ ਸ਼ੌਕ ਪਾਲਣ ਲੱਗ ਪਏ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਕਾਲਜ ਦੇ ਵਿਹੜੇ ਵਿਖੇ 5 ਰੋਜ਼ਾ ‘8ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਉਦਘਾਟਨੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ’ਚ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਤੋਂ ਪਾਠ ਕਰਨਾ ਅਤੇ ਪੁਸਤਕਾਂ ਤੋਂ ਸਾਹਿਤਕ, ਇਤਿਹਾਸ ਪੜ੍ਹਣ ਨਾਲ ਖੂਬ ਆਨੰਦ ਆਉਂਦਾ ਹੈ, ਜੋ ਕਿ ਟੈਬ, ਮੋਬਾਇਲ ਤੋਂ ਪੜ੍ਹਿਆ ਨਹੀਂ ਮਿਲਦਾ। ਅਜੋਕੇ ਸਮੇਂ ’ਚ ਪੰਜਾਬੀਆਂ ’ਚ ਕਿਤਾਬਾਂ ਪੜ੍ਹਣ ਦੀ ਰੁਚੀ ਕਿਤੇ ਨਾ ਕਿਤੇ ਘੱਟ ਹੋਈ ਜਾਪਦੀ। ਪਰ ਜੇਕਰ ਕਿਧਰੇ ਬਾਹਰ ਵਿਦੇਸ਼ਾਂ ’ਚ ਝਾਤ ਮਾਰੀਏ ਤਾਂ ਉਹ ਵਧੇਰੇ ਸਮਾਂ ਚਾਹੇ ਉਹ ਸਫ਼ਰ ਦਾ ਹੀ ਹੋਵੇ, ਕਿਸੇ ਨਾ ਕਿਸੇ ਵਿਸ਼ੇ ’ਤੇ ਅਧਾਰਿਤ ਹੱਥਾਂ ’ਚ ਪੁਸਤਕਾਂ ਫੜ੍ਹ ਕੇ ਪੜਣ ਨੂੰ ਤਰਜ਼ੀਹ ਦਿੰਦੇ ਹਨ।ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਕਾਲਜ ਸਿੱਖ ਸਮਾਜ ਦੀ ਚਾਨਣ ਮੁਨਾਰਾ ਇਤਿਹਾਸਕ ਵਿਦਿਅਕ ਸੰਸਥਾ ਹੈ ਅਤੇ ਬੜ੍ਹੀ ਖੁਸ਼ੀ ਦੀ ਗੱਲ ਹੈ ਕਿ ਖ਼ਾਲਸਾ ਮੈਨੇਜ਼ਮੈਂਟ ਪਿਛਲੇ 2015 ਤੋਂ ਅਜੋਕੀ ਨੌਜਵਾਨੀ ਨੂੰ ਪੁਸਤਕਾਂ ਨਾਲ ਜੋੜਣ ਲਈ ਉਕਤ ਮੇਲਾ ਲਗਾ ਰਿਹਾ ਹੈ, ਜਿਸ ਲਈ ਗਵਰਨਿੰਗ ਕੌਂਸਲ ਅਤੇ ਸਮੂਹ ਸਟਾਲ ਵਾਲੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕ ਯੁੱਗ ’ਚ ਵੀ ਕਿਤਾਬਾਂ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਫਸਰਸ਼ਾਹੀ ’ਚੋਂ ਪੰਜਾਬੀਆਂ ਦਾ ਕੋਟਾ ਲਗਾਤਾਰ ਘੱਟ ਰਿਹਾ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਪੁਸਤਕਾਂ ਨਾਲ ਜੁੜਨਾ ਬਹੁਤ ਜਰੂਰੀ ਹੈ।ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕਾਲਜ ਆਪਣੀ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬਿਹਤਰੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵੇਖਣ ’ਚ ਆਇਆ ਕਿ ਕੰਪਿਊਟਰ, ਲੈਬਟਾਪ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਦੂਰ ਕਰ ਦਿੱਤਾ, ਜਿਸ ਨਾਲ ਪੁਸਤਕਾਂ ਪੜ੍ਹਣ ਦਾ ਰੁਝਾਨ ਅਜੋਕੀ ਨੌਜਵਾਨ ’ਚ ਘੱਟਣਾ ਸ਼ੁਰੂ ਹੋ ਗਿਆ। ਨੌਜਵਾਨ ਨੂੰ ਪੁਸਤਕਾਂ ਨਾਲ ਜੋੜ੍ਹਣ ਦੇ ਮੰਤਵ ਤਹਿਤ ਸਾਲ 2015 ’ਚ ਵੱਡੇ ਪੱਧਰ ਦਾ ਸਾਹਿਤਕ ਪੁਸਤਕ ਲਗਾਉਣ ਸਮੂਹ ਮੈਨੇਜ਼ਮੈਂਟ ਨੇ ਨਿਰਣਾ ਲਿਆ ਅਤੇ ਇਹ ਗੱਲ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਕਾਫ਼ੀ ਹੱਦ ਤੱਕ ਬੱਚਿਆਂ ਨੂੰ ਪੁਸਤਕਾਂ ਨਾਲ ਜੋੜ੍ਹਣ ’ਚ ਸਫ਼ਲ ਹੋਏ ਹਾਂ।ਸ: ਛੀਨਾ ਨੇ ਪੁਸਤਕਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਰਫ਼ ਖ਼ਾਲਸਾ ਕਾਲਜ ਦੀ ਲਾਇਬ੍ਰੇਰੀ ’ਚ 1 ਲੱਖ 85 ਹਜ਼ਾਰ ਦੇ ਕਰੀਬ ਵੱਖ ਵੱਖ ਤਰ੍ਹਾਂ ਦੀਆਂ ਪੁਸਤਕਾਂ ਹਨ ਅਤੇ ਗਵਰਨਿੰਗ ਕੌਂਸਲ ਅਧੀਨ ਸਮੂਹ ਵਿੱਦਿਅਕ ਅਦਾਰਿਆਂ ਦੀ ਜੇਕਰ ਗੱਲ ਕਰੀਏ ਤਾਂ ਲਗਭਗ ਸਾਰਿਆਂ ਦਾ ਇਕੱਠਿਆਂ ਹੀ 8-9 ਲੱਖ ਕਿਤਾਬਾਂ ਦਾ ਜ਼ਖ਼ੀਰਾ ਮੌਜ਼ੂਦ ਹੈ।ਇਸ ਤੋਂ ਪਹਿਲਾਂ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਨਾਂ ਨੂੰ ਜੀ ਆਇਆਂ ਕਿਹਾ ਅਤੇ ਰਿਲੀਜ਼ ਕੀਤੀਆਂ ਜਾਣ ਵਾਲੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਗਵਰਨਿੰਗ ਕੌਂਸਲ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਆਏ ਮਹਿਮਾਨਾਂ ਵੱਲੋਂ ਕਾਲਜ ਦਾ ਖੋਜ ਰਸਾਲਾ ‘ਸੰਵਾਦ-17’, ‘ਖ਼ਾਲਸਾ ਕਾਲਜ ਅੰਮ੍ਰਿਤਸਰ-ਚਾਨਣ ਮੁਨਾਰਾ’ (ਕੌਫੀ ਟੇਬਲ ਬੁੱਕ), ਸ. ਹਰਭਜਨ ਸਿੰਘ ਚੀਮਾ ਦੀ ਪੁਸਤਕ ‘ਮਹਾਰਾਜ ਰਣਜੀਤ ਸਿੰਘ-ਸਿੱਖ ਰਾਜ ਦੀਆਂ ਬਾਤਾਂ’, ਡਾ. ਹਰਦੇਵ ਸਿੰਘ ਦੀ ਪੁਸਤਕ ‘ਭਾਈ ਨੰਦ ਲਾਲ ਦੀਆਂ ਰਚਨਾਵਾਂ ਅਤੇ ਸਿੱਖ ਫਲਸਫਾ’ ਅਤੇ ਅਜੈਪਾਲ ਸਿੰਘ ਢਿਲੋਂ ਦੀ ਕਾਵਿ ਪੁਸਤਕ ‘ਅਜਮਲ’ ਨੂੰ ਰਿਲੀਜ਼ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਕੌਂਸਲ ਦੇ ਫਾਈਨਾਂਸ ਸਕੱਤਰ ਸ: ਗੁਨਬੀਰ ਸਿੰਘ, ਨਾਮਵਰ ਪੰਜਾਬੀ ਗਾਇਕ ਬੀਰ ਸਿੰਘ, ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਸਿੰਘ ਜੌਹਲ, ਕੇਵਲ ਧਾਲੀਵਾਲ ਅਤੇ ਵੇਰਕਾ ਮਿਲਕ ਪਲਾਂਟ ਦੇ ਜੀ. ਐੱਮ. ਹਰਮਿੰਦਰ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਸੰਚਾਲਨ ਡਾ. ਪਰਮਿੰਦਰ ਸਿੰਘ ਨੇ ਬਾਖੂਬੀ ਕੀਤਾ ਅਤੇ ਸਮਾਗਮ ਦੇ ਅਖੀਰ ’ਤੇ ਡਾ. ਆਤਮ ਸਿੰਘ ਰੰਧਾਵਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਪ੍ਰੋਗਰਾਮ ’ਚ ਬਾਅਦ ਦੁਪਹਿਰ ਦੂਸਰੇ ਹਿੱਸੇ ਵਜੋਂ ‘ਸੁਰ, ਸ਼ਬਦ ਤੇ ਸੰਵਾਦ’ ਪ੍ਰੋਗਰਾਮ ’ਚ ਪ੍ਰਸਿੱਧ ਸ਼ਾਇਰ ਸ੍ਰੀ ਜਸਵੰਤ ਜਫਰ ਨੇ ਗਾਇਕ ਬੀਰ ਸਿੰਘ ਨੂੰ ਉਨ੍ਹਾਂ ਦੀ ਗਾਇਕੀ ਦੇ ਅਨੁਭਵ ਬਾਰੇ ਸਵਾਲ ਜਵਾਬ ਕੀਤੇ ਅਤੇ ਇਸ ਦੌਰਾਨ ਬੀਰ ਸਿੰਘ ਨੇ ਆਪਣੀ ਗਾਇਕੀ ਦੇ ਨਮੂਨੇ ਵੀ ਪੇਸ਼ ਕੀਤੇ। ‘ਸੁਖਨ ਦੇ ਸੂਰਜ’ ਪ੍ਰੋਗਰਾਮ ਦੌਰਾਨ ਪੰਜਾਬੀ ਦੇ ਨਾਮਵਰ ਸ਼ਾਇਰਾਂ ਜਿਵੇਂ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ, ਸੁਖਵਿੰਦਰ ਅੰਮ੍ਰਿਤ, ਅਮਰਜੀਤ ਕੌਂਕੇ, ਵਿਜੇ ਵਿਵੇਕ, ਸਵਰਨਜੀਤ ਸਵੀ, ਜਸਵੰਤ ਜਫਰ, ਗੁਰਤੇਜ ਕੁਹਾਰਵਾਲਾ, ਚਰਨ ਸਿੰਘ ਕੈਨੇਡਾ, ਸਰਬਜੀਤ ਕੌਰ ਜੱਸ, ਅਰਤਿੰਦਰ ਸੰਧੂ, ਹਰਮੀਤ ਵਿਦਿਆਰਥੀ, ਬੀਬਾ ਬਲਵੰਤ ਅਤੇ ਮਦਨ ਵੀਰਾ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਹਾਸਲ ਕੀਤੀ। ਇਸ ਮੌਕੇ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਦੇ ਵਿਦਿਆਰਥੀਆਂ ਨੇ ਭੰਗੜੇ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਨਾਲ ਘਰਾਂ ਨੂੰ ਪਰਤ ਰਹੇ ਦਰਸ਼ਕਾਂ ਨੂੰ ਨੱਚਣ ਲਗਾ ਦਿੱਤਾ।ਮੇਲੇ ਦੇ ਮੁੱਖ ਪ੍ਰਬੰਧਕ ਡਾ. ਰੰਧਾਵਾ ਨੇ ਕਿਹਾ ਕਿ ਮੇਲੇ ’ਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਨਾਲ ਅੱਜ ਪੁਸਤਕਾਂ ਦੀ ਵਧੀਆ ਖਰੀਦ ਹੋਈ ਹੈ ਅਤੇ ਮੇਲੇ ਦੇ ਦੂਸਰੇ ਦਿਨ ਕੱਲ 15 ਫਰਵਰੀ ਨੂੰ ਚਾਰ ਸਮਾਗਮ ਹੋਣਗੇ। ਪਹਿਲੇ ਸਮਾਗਮ ’ਚ ਸ. ਮਹਿੰਦਰ ਸਿੰਘ ਸਰਨਾ ਜਨਮ-ਸ਼ਤਾਬਦੀ ਨੂੰ ਸਮਰਪਿਤ ਪੈਨਲ ਚਰਚਾ ਹੋਵੇਗੀ ਜਿਸ ’ਚ ਵੱਖ-ਵੱਖ ਵਿਦਵਾਨ ਹਿੱਸਾ ਲੈਣਗੇ। ਦੂਸਰੇ ਸਮਾਗਮ ‘ਸੰਵਾਦ-ਏ-ਪੰਜਾਬ’ ’ਚ ਵੀ ਪੈਨਲ ਚਰਚਾ ਹੋਵੇਗੀ ਅਤੇ ਚਿੰਤਕ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਤੀਸਰੇ ਸਮਾਗਮ ਦੌਰਾਨ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ ਅਤੇ ਚੌਥੇ ਸਮਾਗਮ ’ਚ ਯਾਕੂਬ ਜੀ ਆਪਣੀ ਸੂਫੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।________