ਪੁਸਤਕਾਂ ਮੱਥੇ ਦੀਆਂ ਲਕੀਰਾਂ ਬਦਲਦੀਆਂ : ਪਦਮਸ੍ਰੀ ਹੰਸ ਰਾਜ ਹੰਸ
ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ ਸ਼ਾਨਦਾਰ ਅਗਾਜ਼
ਪੁਸਤਕਾਂ ਮੱਥੇ ਦੀਆਂ ਲਕੀਰਾਂ ਬਦਲਦੀਆਂ : ਪਦਮਸ੍ਰੀ ਹੰਸ ਰਾਜ ਹੰਸ
ਕਿਤਾਬ ਦਾ ਪੜ੍ਹਿਆ ਸਾਰਾ ਜੀਵਨ ਯਾਦ ਰਹਿੰਦਾ : ਛੀਨਾ
ਅਮਰੀਕ ਸਿੰਘ
ਅੰਮ੍ਰਿਤਸਰ, 21 ਫਰਵਰੀ
-ਖ਼ਾਲਸਾ ਕਾਲਜ ਵਿਖੇ ਬੇਸਬਰੀ ਨਾਲ ਸਾਹਿਤ ਅਤੇ ਪੁਸਤਕ ਪ੍ਰੇਮੀਆਂ ਦੁਆਰਾ ਚਿਰਾਂ ਤੋਂ ਉਡੀਕੇ ਜਾਂਦੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ ਅੱਜ ਸੂਫ਼ੀ ਗਾਇਕੀ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਪਦਮਸ੍ਰੀ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਹੰਸ ਰਾਜ ਹੰਸ ਵੱਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਸ਼ਾਨਦਾਰ ਅਗਾਜ਼ ਕੀਤਾ ਗਿਆ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੁੱਖੀ ਬਾਠ ਸੰਸਥਾਪਕ ਪੰਜਾਬੀ ਭਵਨ ਸਰੀ, ਸਰਜਿੰਦਰ ਸਿੰਘ ਢਾਹਾਂ ਅਤੇ ਅਜਾਇਬ ਸਿੰਘ ਚੱਠਾ ਚੇਅਰਪਰਸਨ ਜਗਤ ਪੰਜਾਬੀ ਸਭਾ ਕੈਨੇਡਾ ਪਹੁੰਚੇ।
ਇਸ ਮੌਕੇ ਸ੍ਰੀ ਹੰਸ ਰਾਜ ਹੰਸ ਨੇ ਕਿਹਾ ਕਿ ਪੁਸਤਕਾਂ ਨਾਲ ਜੁੜਨਾ ਇਨਸਾਨ ਦੀ ਖੁਸ਼ਨਸੀਬੀ ਹੁੰਦੀ ਹੈ, ਕਿਉਂਕਿ ਕਿਤਾਬਾਂ ਮੱਥੇ ਦੀਆਂ ਲਕੀਰਾਂ ਬਦਲਦੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ’ਤੇ ਬਣੇ ਖ਼ਾਲਸਾ ਕਾਲਜ ਦੀ ਮੁਕੱਦਸ ਧਰਤੀ ’ਤੇ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਵੈਸੇ ਤਾਂ ਸਾਰਾ ਜੀਵਨ ਹੀ ਮੇਲਾ ਹੈ ਪਰ ਪੁਸਤਕਾਂ ਦੇ ਮੇਲੇ ਬਹੁਤ ਮਹੱਤਵਪੂਰਨ ਹੁੰਦੇ ਹਨ, ਪੁਸਤਕਾਂ ਫੁੱਲਾਂ ਵਰਗੀਆਂ ਹੁੰਦੀਆਂ ਹਨ ਜੋ ਜੀਵਨ ’ਚ ਖੁਸ਼ੀਆਂ ਵੰਡਦੀਆਂ ਹਨ। ਉਨ੍ਹਾਂ ਫੋਕ ਅਤੇ ਕਲਾਸਿਕ ਮਿਊਜਿਕ ਸੁਣਨ ਦੇ ਨਾਲ-ਨਾਲ ਪੁਸਤਕਾਂ ਪੜ੍ਹਨ ਦੇ ਸ਼ੌਕ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਮੌਕੇ ਮੁਹੰਮਦ ਬੂਟਾ ਦੀ ਸ਼ਾਇਰੀ ਅਤੇ ਨਾਮਵਰ ਆਪਣੇ ਗੀਤਾਂ ਨੂੰ ਗਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਲਗਾਏ ਜਾਣ ਵਾਲੇ 5 ਰੋਜ਼ਾ ਪੁਸਤਕ ਮੇਲੇ ਦੀ ਪ੍ਰਧਾਨਗੀ ਸ: ਛੀਨਾ ਨੇ ਸ੍ਰੀ ਹੰਸ ਰਾਜ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਕਿਤਾਬਾਂ ਨਾਲ ਪ੍ਰੇਮ ਕਰਨ ਵਾਲਿਆਂ ਦੀ ਤਦਾਦ ’ਚ ਵਾਧਾ ਹੋਇਆ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਗੱਲ ਹੈ। ਕਿਉਂਕਿ ਕਿਤਾਬ ਦਾ ਪੜ੍ਹਿਆ ਸਾਰਾ ਜੀਵਨ ਯਾਦ ਰਹਿੰਦਾ ਹੈ, ਕੰਪਿਊਟਰ ਦਾ ਪੜ੍ਹਿਆ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਲੋਕਾਂ ’ਚ ਆਪਣੇ ਵਿਰਸੇ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ। ਮੇਲੇ ’ਚ ਸੌ ਤੋਂ ਵੱਧ ਪ੍ਰਕਾਸ਼ਕਾਂ ਦੇ ਪਹੁੰਚਣ ਨਾਲ ਇਹ ਮੇਲਾ ਭਾਰਤ ਦੇ ਪ੍ਰਮੁੱਖ ਪੁਸਤਕ ਮੇਲਿਆਂ ’ਚ ਸ਼ੁਮਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਦੋਂ ਤੋਂ ਵਾਂਗਡੋਰ ਸੰਭਾਲੀ ਹੈ ਕਾਲਜ ਨਿੱਤ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਾਲਜ ਹਰ ਸਮੇਂ ਪੰਜਾਬ ’ਚ ਨਵੀਂ ਚੇਤਨਾ ਪੈਦਾ ਕਰਨ ਦੀ ਪਹਿਲ-ਕਦਮੀ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਾਲਵੇ ਅਤੇ ਦੁਆਬੇ ਦੇ ਖੇਤਰ ’ਚ ਤਾਂ ਪੁਸਤਕਾਂ ਦੇ ਮੇਲੇ ਲਗਦੇ ਸਨ ਪਰ ਮਾਝਾ ਖੇਤਰ ਇਸ ਪੱਖੋਂ ਪਛੜਿਆ ਹੋਇਆ ਸੀ। ਮਾਝੇ ਦੇ ਪਾਠਕਾਂ ਦੀ ਪੁਸਤਕਾਂ ਦੀ ਭੁੱਖ ਨੂੰ ਪੂਰਾ ਕਰਨ ਲਈ ਇਹ ਮੇਲਾ ਸਹਾਇਕ ਬਣਿਆ ਹੈ। ਪੰਜਾਬ ਦੇ ਵੱਖ ਵੱਖ ਖੇਤਰਾਂ ’ਚੋਂ ਪਾਠਕ/ਦਰਸ਼ਕ ਇਸ ਮੇਲੇ ਨੂੰ ਵੇਖਣ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਲਗਾਉਣ ਦੇ ਸਾਡੇ ਤਿੰਨ ਮਕਸਦ ਹੁੰਦੇ ਹਨ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨਾ, ਪੰਜਾਬ ਦੇ ਭਖਵੇਂ ਮਸਲਿਆਂ ਤੇ ਬਹਿਸ ਕਰਵਾਉਣੀ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਕਰਨਾ।
ਇਸ ਮੌਕੇ ਸੁੱਖੀ ਬਾਠ ਨੇ ਕਿਹਾ ਕਿ ਅਸੀਂ ਭਾਵੇਂ ਰਹਿੰਦੇ ਵਿਦੇਸ਼ ਵਿਚ ਹਾਂ ਪਰ ਸਾਡਾ ਦਿਲ ਹਮੇਸ਼ਾਂ ਪੰਜਾਬ ’ਚ ਹੀ ਰਹਿੰਦਾ ਹੈ। ਉਨ੍ਹਾਂ ਨੇ ਅਠਵੇਂ ਮੇਲੇ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਮੇਰਾ ਪਰਿਵਾਰ ਅਤੇ ਸਾਡੀ ਟੀਮ ਦਾ ਉਦੇਸ਼ ਸਾਹਿਤ, ਸਿਹਤ ਅਤੇ ਵਿਦਿਆ ਦਾ ਪ੍ਰਸਾਰ ਕਰਨਾ ਹੈ। ਇਸ ਸੈਸ਼ਨ ਵਿਚ ਕਾਲਜ ਦਾ ਖੋਜ ਰਸਾਲਾ ਸੰਵਾਦ ਕਾਲਜ ਦੇ ਵਿਦਿਆਥਰਥੀਆਂ ਦਾ ਰਸਾਲਾ ਦਰਬਾਰ ਅਤੇ ਸਾਕਾ ਨਨਕਾਣਾ ਸਾਹਿਬ ਦੇ ਸਾਕੇ ਨੂੰ ਸਮਰਪਿਤ ਗੁਰਮੁਖ ਸਿੰਘ ਗੁਰਮੁਖ ਦੀ ਪੁਸਤਕ ਸ਼ਹੀਦਾਨ-ਏ-ਨਨਕਾਣਾ ਅਤੇ ਇਸ ਪੁਸਤਕ ਦਾ ਡਾ. ਹਰਦੇਵ ਸਿੰਘ, ਇੰਚਾਰਜ ਸਿੱਖ ਖੋਜ ਕੇਂਦਰ, ਖ਼ਾਲਸਾ ਕਾਲਜ ਵੱਲੋਂ ਪੰਜਾਬੀ ਅਨੁਵਾਦ ‘ਨਨਕਾਣਾ ਸਾਹਿਬ ਦੇ ਸ਼ਹੀਦ’ ਪੁਸਤਕਾਂ ਨੂੰ ਰਲੀਜ ਕੀਤਾ ਗਿਆ।
ਦੂਸਰੇ ਸੈਸ਼ਨ ’ਚ ਨਾਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਬਰਜ ਢਾਹਾਂ, ਸੰਸਥਾਪਕ ਢਾਹਾਂ ਅਵਾਰਡ ਕੈਨੇਡਾ ਸਨਜਦਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸੁਖਵਿੰਦਰ ਅੰਮ੍ਰਿਤ ਨੇ ਕੀਤੀ। ਜਿਸ ’ਚ ਪੰਜਾਬ ਦੀਆਂ ਨਾਰੀ ਕਵਿੱਤਰੀਆਂ ਜਿੰਨ੍ਹਾਂ ’ਚ ਭੁਪਿੰਦਰ ਕੌਰ ਪ੍ਰੀਤ, ਨੀਤੂ ਅਰੋੜਾ, ਬਿਪਨਪ੍ਰੀਤ ਸਿਮਰਿਤ ਗਗਨ ਸਿਮਰਨ ਅਕਸ, ਸੁਰਿੰਦਰ ਨੀਰ, ਸਿਮਰਨ, ਜਸਪ੍ਰੀਤ ਆਦਿ ਨੇ ਆਪਣਾ ਕਲਾਮ ਪੇਸ਼ ਕੀਤਾ ਅਤੇ ਸਰੋਤਿਆਂ ਤੋਂ ਵਾਹ ਵਾਹ ਹਾਸਲ ਕੀਤੀ। ਉਪਰੰਤ ਸੱਭਿਆਚਾਰਕ ਪ੍ਰੋਗਰਾਮ ਅਧੀਨ ਬਨੀ ਜੌਹਲ ਨੇ ਆਪਣੀ ਕਲਾ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਇਕ ਘੰਟੇ ਲਈ ਕਾਲਜ ਦੇ ਵਿਦਿਆਰਥiਆਂ ਨੇ ਫੈਰੇ ਫਲਿਊਡ ਪ੍ਰੋਗਰਾਮ ਅਧੀਨ ਪੰਜਾਬ ਦੀਆਂ ਕਾਵਿ ਗਾਥਾਵਾਂ ਦੀ ਜੁਗਲਬੰਦੀ ਪੇਸ਼ ਕੀਤੀ। ਮੇਲੇ ਦੇ ਪਹਿਲੇ ਦਿਨ ਦੀ ਸਮਾਪਤੀ ਪੰਜਾਬੀ ਲੋਕ ਨਾਚ ਗਿੱਧਾ ਦੀਆਂ ਬੋਲੀਆਂ ਨਾਲ ਹੋਇਆ ਜਿਸ ਨੇ ਕਾਲਜ ਦੀ ਫਿਜ਼ਾ ’ਚ ਸੰਗੀਤ ਦੀਆਂ ਸੁਰਾਂ ਘੋਲ ਦਿੱਤੀਆਂ। ਇਸ ਮੌਕੇ ਵਿਭਾਗ ਮੁੱਖੀ ਡਾ. ਆਤਮ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।