ਆਯੂਰਵੈਦ ਭਾਰਤੀ ਸੰਸਕ੍ਰਿਤੀ ਦੀ ਉਪਜ ਅਤੇ ਇਹ ਸਭ ਤੋਂ ਪੁਰਾਣੀ ਤੇ ਕਾਰਗਰ ਇਲਾਜ ਵਿਧੀ ਹੈ - ਚੇਅਰਮੈਨ ਰਮਨ ਬਹਿਲਅਮਰੀਕ ਸਿੰਘ ਗੁਰਦਾਸਪੁਰ, 22 ਅਕਤੂਬਰ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਅੱਜ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੱਤਵਾਂ ਆਯੂਰਵੈਦ/ਧੰਨਵੰਤਰੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਆਯੂਰਵੈਦਿਕ ਵਿਧੀ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਅਤੇ ਲੋਕਾਂ ਨੂੰ ਆਯੂਰਵੈਦਿਕ ਇਲਾਜ ਪ੍ਰਣਾਲੀ ਬਾਰੇ ਦੱਸਿਆ ਗਿਆ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਆਯੂਰਵੈਦ ਸਾਡੀ ਭਾਰਤੀ ਸੰਸਕ੍ਰਿਤੀ ਦੀ ਉਪਜ ਹੈ ਅਤੇ ਇਹ ਸਭ ਤੋਂ ਪੁਰਾਣੀ ਤੇ ਕਾਰਗਰ ਇਲਾਜ ਵਿਧੀ ਹੈ। ਉਨ੍ਹਾਂ ਕਿਹਾ ਕਿ ਰਿਸ਼ੀ ਧੰਨਵੰਤਰੀ ਖੁਦ ਵਿਸ਼ਨੂੰ ਭਗਵਾਨ ਦੇ ਅਵਤਾਰ ਸਨ ਅਤੇ ਉਨ੍ਹਾਂ ਵੱਲੋਂ ਹੀ ਆਯੂਰਵੈਦ ਦੀ ਇਲਾਜ ਪ੍ਰਣਾਲੀ ਵਿਕਸਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਆਯੂਰਵੈਦ ਕੁਦਰਤੀ ਇਲਾਜ ਪ੍ਰਣਾਲੀ ਹੈ ਅਤੇ ਪ੍ਰਾਚੀਨ ਸਮੇਂ ਤੋਂ ਹੀ ਇਹ ਬੜੀ ਸਫਲਤਾ ਨਾਲ ਚੱਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਐਲੋਪੈਥੀ ਅਤੇ ਹੋਰ ਇਲਾਜ ਵਿਧੀਆਂ ਦੇ ਕਈ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ ਪਰ ਆਯੂਰਵੇਦਿਕ ਪ੍ਰਣਾਲੀ ਪੂਰੀ ਤਰਾਂ ਸੁਰੱਖਿਅਤ ਅਤੇ ਮਨੁੱਖ ਤੇ ਮਨ ਤੇ ਤਨ ਨੂੰ ਨਿਰੋਗ ਕਰਨ ਵਾਲੀ ਹੈ।ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਆਯੂਰਵੈਦਿਕ ਇਲਾਜ ਪ੍ਰਣਾਲੀ ਨੂੰ ਹੋਰ ਪ੍ਰਫੂਲਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਯੂਰਵੈਦਿਕ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਸਟਾਫ਼ ਅਤੇ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕ ਵੱਧ ਤੋਂ ਵੱਧ ਆਯੂਰਵੈਦਿਕ ਇਲਾਜ ਪ੍ਰਣਾਲੀ ਦਾ ਲਾਭ ਉਠਾ ਸਕਣ।ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਨ, ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ. ਸੁਖਮਿੰਦਰ ਕੌਰ, ਡਾ. ਰੋਮੀ ਰਾਜਾ, ਡਾ. ਮਿਨਾਕਸ਼ੀ, ਡਾ. ਨਵਨੀਤ ਸਿੰਘ, ਡਾ. ਕੁਲਬੀਰ ਕੌਰ, ਡਾ. ਬਿਕਰਮਜੀਤ ਸਿੰਘ, ਡਾ. ਹਰਿੰਦਰ ਸਿੰਘ, ਡਾ. ਅਸ਼ੋਕ, ਡਾ. ਵਰੁਣ, ਡਾ. ਰਮਨ ਨੇ ਵੀ ਆਯੂਰਵੈਦਿਕ ਇਲਾਜ ਵਿਧੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।