ਆਜ਼ਾਦੀ ਦਾ ਅੰਮ੍ਰਿਤ ਮਹੋਤਸਵ" ਦੀ ਥੀਮ ਉੱਤੇ ਚਿੱਤਰ ਪ੍ਰਦਰਸ਼ਨੀ ਦਾ ਆਗਾਜ਼ ਬੀ.ਬੀ.ਕੇ.ਡੀ.ਏ.ਵੀ. ਕਾਲਜ ਵਿੱਚ ਤਿੰਨ ਰੋਜ਼ਾ ਪ੍ਰਦਰਸ਼ਨੀ ਹੋਈ ਸ਼ੁਰੂ ਡਿਪਟੀ ਕਮਿਸ਼ਨਰ ਆਫ ਕਸਟਮਸ ਤੇ ਐਮ.ਸੀ. ਦੀ ਜੁਆਇੰਟ ਕਮਿਸ਼ਨਰ ਨੇ ਕੀਤਾ ਉਦਘਾਟਨਅਮਰੀਕ ਸਿੰਘ ਅਤੇ ਗੁਰਸ਼ਰਨ ਸੰਧੂ ਅੰਮ੍ਰਿਤਸਰ 29/8/2022--ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ "ਆਜ਼ਾਦੀ ਦਾ ਅੰਮ੍ਰਿਤ ਮਹੋਤਸਵ" ਦੀ ਥੀਮ ਉੱਤੇ ਵੱਖੋ ਵੱਖ ਥਾਵਾਂ ਉੱਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਵਿਚ ਇੱਕ ਤਿੰਨ ਰੋਜ਼ਾ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਆਫ ਕਸਟਮਸ ਤੇ ਮਿਉਂਸਪਲ ਕਾਰਪੋਰੇਸ਼ਨ ਦੀ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਆਫ ਕਸਟਮਸ ਅਤੁਲ ਤਿੜਕੇ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦਾ ਵਡਮੁੱਲਾ ਯੋਗਦਾਨ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਨਵੀਂ ਪਨੀਰੀ ਨੂੰ ਆਪਣੇ ਵਿਰਸੇ ਅਤੇ ਕੁਰਬਾਨੀਆਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ, ਜਿਸ ਵਿਚ ਸਮੇਂ-ਸਮੇਂ ਉੱਤੇ ਆਯੋਜਿਤ ਕਰਵਾਏ ਜਾਂਦੇ ਅਜਿਹੇ ਪ੍ਰੋਗਰਾਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਮਿਉਂਸਪਲ ਕਾਰਪੋਰੇਸ਼ਨ ਦੀ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ ਨੇ ਵੀ ਚਿੱਤਰ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਚੰਗਾ ਉਪਰਾਲਾ ਕਰਾਰ ਦਿੱਤਾ।ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਦੇ ਸੱਦੇ ਤੋਂ ਬਾਅਦ ਮੰਤਰਾਲੇ ਵੱਲੋਂ ਦੇਸ਼ ਭਰ ਦੇ ਵਿੱਚ "ਆਜ਼ਾਦੀ ਦਾ ਅੰਮ੍ਰਿਤ ਮਹੋਤਸਵ" ਥੀਮ ਉੱਤੇ ਚਿੱਤਰ ਪ੍ਰਦਰਸ਼ਨੀਆਂ ਅਤੇ ਹੋਰਨਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2021 ਦੇ ਮਾਰਚ ਮਹੀਨੇ ਵਿੱਚ ਸ਼ੁਰੂ ਹੋਏ ਪ੍ਰੋਗਰਾਮਾਂ ਦੀ ਲੜੀ 75 ਹਫ਼ਤਿਆਂ ਦਾ ਸਫ਼ਰ ਤੈਅ ਕਰਦੀ ਹੋਈ ਸਮਾਪਤ ਹੋਵੇਗੀ।ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਮੰਤਰਾਲੇ ਵੱਲੋਂ ਵਿਦਿਆਥੀਆਂ ਦੇ ਲੇਖ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ, ਜਿਸਨੂੰ ਲੈ ਕੇ ਵਿਦਿਆਰਥੀ ਖ਼ਾਸੇ ਉਤਸ਼ਾਹਿਤ ਨਜ਼ਰ ਆਏ।ਬਹਿਰਹਾਲ ਚਿੱਤਰ ਪ੍ਰਦਰਸ਼ਨੀ ਦੇ ਦੂਜੇ ਦਿਨ ਮੰਗਲਵਾਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।===--