ਅਕਾਲੀ ਦਲ-ਬਸਪਾ ਗਠਜੋੜ ਪਾਰਲੀਮਾਨੀ ਤੇ ਨਿਗਮ ਚੋਣਾਂ ਰਲ ਕੇ ਲੜੇਗਾ
ਅਕਾਲੀ ਦਲ-ਬਸਪਾ ਗਠਜੋੜ ਭਲਕੇ ਵਿਧਾਨ ਸਭਾ ਵਿਚ ਆਪ ਦੇ ਐਮ ਪੀ ਸੰਦੀਪ ਪਾਠਕ ਖਿਲਾਫ ਨਿੰਦਾ ਪ੍ਰਸਤਾਵ ਲਿਆਵੇਗਾ
ਅਕਾਲੀ ਦਲ-ਬਸਪਾ ਗਠਜੋੜ ਪਾਰਲੀਮਾਨੀ ਤੇ ਨਿਗਮ ਚੋਣਾਂ ਰਲ ਕੇ ਲੜੇਗਾ
ਅਮਰੀਕ ਸਿੰਘ
ਚੰਡੀਗੜ੍ਹ, 19 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਵੱਲੋਂ ਭਲਕੇ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਐਮ ਪੀ ਸੰਦੀਪ ਪਾਠਕ ਖਿਲਾਫ ਨਿੰਦਾ ਨੋਟਿਸ ਪ੍ਰਸਤਾਵ ਜਾਵੇਗਾ। ਇਸ ਬਾਰੇ ਫੈਸਲਾ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਦੀ ਹੋਈ ਸਾਂਝੀ ਮੀਟਿੰਗ ਵਿਚ ਲਿਆ ਗਿਆ।
ਮੀਟਿੰਗ ਵਿਚ ਦੋਵਾਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿਚ ਕਿਹਾ ਗਿਆ ਕਿ ਸੰਦੀਪ ਪਾਠਕ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਪੰਜਾਬ ਵਿਰੋਧੀ ਸਟੈਂਡ ਲੈਣ ਲਈ ਉਹਨਾਂ ਖਿਲਾਫ ਨਿੰਦਾ ਪ੍ਰਸਤਾਵ ਲਿਆਉਣਾ ਬਣਦਾ ਹੈ। ਇਹ ਵੀ ਕਿਹਾ ਗਿਆ ਕਿ ਸ੍ਰੀ ਪਾਠਕ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸ ਵਾਈ ਐਲ ਦੀ ਜ਼ਮੀਨ ਉਸਦੇ ਅਸਲ ਮਾਲਕਾਂ ਨੂੰ ਮੋੜਨ ਦੇ ਮਾਮਲੇ ’ਤੇ ਇਕਜੁੱਟਤਾ ਨਾਲ ਲਏ ਫੈਸਲੇ ਦੇ ਖਿਲਾਫ ਸਟੈਂਡ ਲਿਆ ਹੈ। ਸ੍ਰੀ ਪਾਠਕ ਵੱਲੋਂ ਕਹੇ ਮੁਤਾਬਕ ਹਰਿਆਣਾ ਨੂੰ ਐਸ ਵਾਈ ਐਲ ਨਹਿਰ ਰਾਹੀਂ ਪਾਣੀ ਦੇਣ ਦੀ ਮੰਗ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਨਹਿਰ ਤਾਂ ਹੁਣ ਹੋਂਦ ਵਿਚ ਹੀ ਨਹੀਂ ਹੈ। ਗਠਜੋੜ ਨੇ ਸਾਰੀਆਂ ਪਾਰਟੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਲੇ ਰਚੀ ਜਾ ਰਹੀ ਸਾਜ਼ਿਸ਼ ਨੂੰ ਮਾਤ ਪਾਉਣ ਲਈ ਸਭ ਨੂੰ ਇਕਜੁੱਟ ਹੋਣਾ ਚਾਹੀਦਾ ਹੈ।
ਇਕ ਹੋਰ ਅਹਿਮ ਫੈਸਲੇ ਵਿਚ ਸਾਂਝੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਆਉਂਦੀਆਂ ਸੰਸਦੀ ਚੋਣਾਂ ਤੇ ਨਿਗਮ ਚੋਣਾਂ ਰਲ ਕੇ ਲੜੇਗਾ। ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਇਸ ਵਾਸਤੇ ਸਾਂਝੀ ਤਾਲਮੇਲ ਕਮੇਟੀ ਦਾ ਗਠਨ ਛੇਤੀ ਹੀ ਕੀਤਾ ਜਾਵੇਗਾ।
ਜਿਹੜੇ ਆਗੂਆਂ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਉਹਨਾਂ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਤੇ ਡਾ. ਸੁਖਵਿੰਦਰ ਸੁੱਖੀ ਅਤੇ ਬਸਪਾ ਵੱਲੋਂ ਸਰਦਾਰ ਜਸਬੀਰ ਸਿੰਘ ਗੜ੍ਹੀ, ਡਾ. ਨਛੱਤਤਰਪਾਲ ਤੇ ਸਰਦਾਰ ਅਜੀਤ ਸਿੰਘ ਭੈਣੀ ਸ਼ਾਮਲ ਸਨ।
__________________